ਲੁਧਿਆਣਾ : ਲੁਧਿਆਣਾ ਦੇ ਵਿੱਚ ਖ਼ੁਦ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਓ.ਐਸ.ਡੀ ਦੱਸ ਕੇ ਬਿਨ੍ਹਾਂ ਦਸਤਾਵੇਜ਼ਾਂ ਤੋਂ ਜਾਅਲੀ ਰਜਿਸਟਰੀ ਕਰਵਾਉਣ ਲਈ ਤਹਿਸੀਲਦਾਰ 'ਤੇ ਦਬਾਅ ਪਾਉਣ ਵਾਲੇ ਮੁਲਜ਼ਮ ਨੂੰ ਲੁਧਿਆਣਾ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਸ਼ਨਾਖ਼ਤ ਕਰਨਜੀਤ ਸਿੰਘ ਵਜੋਂ ਹੋਈ ਹੈ ,ਜੋ ਕਿਸੇ ਵਕੀਲ ਦੇ ਕੋਲ ਕੰਮ ਕਰਦਾ ਹੈ। 

 

ਲੁਧਿਆਣਾ ਪੁਲਿਸ ਨੇ ਬੀਤੇ ਦਿਨੀਂ ਉਸ ਨੂੰ ਤਹਿਸੀਲ ਦਫ਼ਤਰ ਤੋਂ ਗ੍ਰਿਫ਼ਤਾਰ ਕੀਤਾ ਹੈ ,ਜਿਸ ਦੀ ਸ਼ਿਕਾਇਤ ਤਹਿਸੀਲਦਾਰ ਨੇ ਖੁਦ ਪੁਲਿਸ ਨੂੰ ਦਿੱਤੀ ਸੀ। ਮੁਲਜ਼ਮ ਤਹਿਸੀਲ ਦਫਤਰ ਪਹੁੰਚ ਕੇ ਬਿਨਾਂ ਦਸਤਾਵੇਜ਼ਾਂ ਤੋਂ ਤਹਿਸੀਲਦਾਰ 'ਤੇ ਰਜਿਸਟਰੀ ਕਰਵਾਉਣ ਦਾ ਦਬਾਅ ਪਾ ਰਿਹਾ ਸੀ ਅਤੇ ਤਹਿਸੀਲਦਾਰ ਦੇ ਮਨ੍ਹਾ ਕਰਨ 'ਤੇ ਉਸ ਨੂੰ ਇਹ ਦਾਅਵਾ ਕਰ ਰਿਹਾ ਸੀ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦਾ ਕਰੀਬੀ ਹੈ ਅਤੇ ਓ.ਐੱਸ.ਡੀ ਲੱਗਾ ਹੈ। 

 

ਜਦੋਂ ਤਹਿਸੀਲਦਾਰ ਨੂੰ ਸ਼ੱਕ ਹੋਇਆ ਤਾਂ ਉਸ ਨੇ ਇਸ ਸਬੰਧੀ ਪੁਲੀਸ ਨੂੰ ਸੂਚਿਤ ਕੀਤਾ ਅਤੇ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮ ਦਾ ਜਦੋਂ ਫੋਨ ਟਰੇਸ ਕੀਤਾ ਤਾਂ ਉਹ ਕੁਝ ਹੋਰ ਅਫਸਰਾਂ ਨੂੰ ਵੀ ਇਹ ਕਹਿ ਕੇ ਫੋਨ ਕਰ ਰਿਹਾ ਸੀ ਅਤੇ ਦਬਾਅ ਬਣਾ ਰਿਹਾ ਸੀ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਓ.ਐੱਸ.ਡੀ ਲੱਗਿਆ ਹੈ। 

 

ਜਿਸ ਤੋਂ ਬਾਅਦ ਲੁਧਿਆਣਾ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ ਤੇ ਮਾਮਲਾ ਦਰਜ ਕਰ ਲਿਆ ਹੈ। ਜਿਸ ਦਾ ਖੁਲਾਸਾ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਕੋਸ਼ਤੁਭ ਸ਼ਰਮਾ ਨੇ ਕੀਤਾ ਹੈ ਅਤੇ ਦੱਸਿਆ ਕਿ ਮੁਲਜ਼ਮ ਦੇ ਫੋਨ ਕਾਲ ਦੀ ਡਿਟੇਲ ਕਢਵਾਈ ਜਾ ਰਹੀ ਹੈ ਅਤੇ ਉਸ ਤੋਂ ਹੋਰ ਵੀ ਡਿਟੇਲ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ 'ਤੇ ਪਹਿਲਾਂ ਕੋਈ ਮਾਮਲਾ ਦਰਜ ਸੀ ਜਾਂ ਨਹੀਂ, ਇਸ ਸਬੰਧੀ ਵੀ ਉਹ ਜਾਂਚ ਕਰ ਰਹੇ ਹਨ। 

 

ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਉਹ ਜ਼ਿਆਦਾਤਰ ਜੋ ਰਜਿਸਟਰੀ ਕਰਨ ਨਾਲ ਸਬੰਧਤ ਅਫ਼ਸਰ ਹਨ , ਉਨ੍ਹਾਂ ਨੂੰ ਹੀ ਫੋਨ ਕਰਕੇ ਦਬਾਅ ਪਾ ਰਿਹਾ ਸੀ।  ਉਨ੍ਹਾਂ ਕਿਹਾ ਕਿ ਜਦੋਂ ਕਿ ਦੂਜੇ ਪਾਸੇ ਮੁੱਖ ਮੰਤਰੀ ਵੱਲੋਂ ਏਦਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਨਿਰਦੇਸ਼ ਨਹੀਂ ਆਏ ਹਨ ਅਤੇ ਬੀਤੇ ਦਿਨੀਂ ਹੀ ਉਨ੍ਹਾਂ ਵੱਲੋਂ ਆਪਣੇ ਦੋ ਸੈਕਟਰੀ ਨਿਯੁਕਤ ਕੀਤੇ ਗਏ ਨੇ, ਜਿਸ ਕਰਕੇ ਪੁਲੀਸ ਨੂੰ ਸ਼ੱਕ ਹੋਇਆ ਅਤੇ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ।