ਲੁਧਿਆਣਾ: ਸੋਮਵਾਰ ਨੂੰ ਲੁਧਿਆਣਾ ਦੇ ਡਾਬਾ ਰੋਡ 'ਤੇ ਸਥਿਤ ਬਾਬਾ ਮੁਕੰਦ ਸਿੰਘ ਨਾਗਾ ਵਿੱਚ ਇਮਾਰਤ ਦੀ ਛੱਤ ਡਿੱਗਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ 9 ਹੋਰ ਜ਼ਖਮੀ ਹੋ ਗਏ। ਹਾਸਲ ਜਾਣਕਾਰੀ ਮੁਤਾਬਕ 40 ਲੋਕ ਇਸ ਇਮਾਰਤ ਵਿੱਚ ਮੌਜੂਦ ਸੀ ਜਦੋਂ ਇਹ ਹਾਦਸਾ ਵਾਪਰਿਆ। ਇਨ੍ਹਾਂ ਵਿੱਚੋਂ 37 ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਤੇ ਜ਼ਖਮੀਆਂ ਨੂੰ ਹਸਪਤਾਲ ਸ਼ਿਫਟ ਕਰ ਦਿੱਤਾ ਗਿਆ।

ਡਾਕਟਰਾਂ ਨੇ ਇੱਕ ਮਜ਼ਦੂਰ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਦੂਸਰੇ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ, ਇੱਕ ਦੀ ਲਾਸ਼ ਮਲਬੇ ਹੇਠੋਂ ਵੀ ਬਰਾਮਦ ਕੀਤੀ ਗਈ। ਮ੍ਰਿਤਕਾਂ ਦੀ ਪਛਾਣ ਮੁਸਤਕੀਨ ਤੇ ਸਾਗਰ ਕੁਮਾਰ, ਦੋਵੇਂ ਬਿਹਾਰ ਦੇ ਵਸਨੀਕ, ਤੇ ਪੀਚੂ ਤੇ ਇਮਤਿਆਜ਼ ਵਾਸੀ ਲੁਧਿਆਣਾ ਵਜੋਂ ਹੋਈ ਹੈ। ਛੇ ਜ਼ਖਮੀਆਂ ਦਾ ਸ਼ਹਿਰ ਦੇ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ, ਜਦੋਂਕਿ ਬਾਕੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।

ਪਤਾ ਲੱਗਿਆ ਹੈ ਕਿ ਬਹੁ ਮੰਜ਼ਲਾ ਇਮਾਰਤ ਦੀ ਉਪਰਲੀ ਮੰਜ਼ਲ ਦੀ ਛੱਤ ਦਾ ਲੈਂਟਰ ਨਗਰ ਨਿਗਮ ਦੀ ਇਜਾਜ਼ਤ ਤੋਂ ਬਿਨ੍ਹਾਂ ਉਠਾਇਆ ਜਾ ਰਿਹਾ ਸੀ ਜਦੋਂ ਇਹ ਘਟਨਾ ਸਵੇਰੇ 9:40 ਦੇ ਕਰੀਬ ਵਾਪਰੀ। ਦੋ ਨਾਲ ਲੱਗਦੀਆਂ ਇਮਾਰਤਾਂ 'ਤੇ ਮਲਬਾ ਡਿੱਗ ਪਿਆ, ਜਿਸ ਨਾਲ ਇੱਕ ਦੀ ਮੌਤ ਹੋ ਗਈ ਤੇ ਕੁਝ ਜ਼ਖਮੀ ਹੋ ਗਏ। ਦੋਵਾਂ ਫੈਕਟਰੀਆਂ ਦਾ ਇੱਕ ਹਿੱਸਾ ਨੁਕਸਾਨਿਆ ਗਿਆ। ਇਸ ਦੌਰਾਨ ਦੋ ਵਾਹਨ ਵੀ ਨੁਕਸਾਨੇ ਗਏ ਤੇ ਇੱਕ ਵਾਹਨ ਸਵਾਰ ਵੀ ਜ਼ਖਮੀ ਹੋ ਗਿਆ।

ਦੱਸ ਦੇਈਏ ਕਿ ਹਾਦਸੇ ਮਗਰੋਂ NDRF, SDRF, MC ਤੇ ਪੁਲਿਸ ਦੀਆਂ ਟੀਮਾਂ ਬਚਾਅ ਕਾਰਜ ਲਈ ਪਹੁੰਚ ਗਈਆਂ ਤੇ ਮਲਬੇ ਹੇਠ ਦਬੇ ਲੋਕਾਂ ਨੂੰ ਬਾਹਰ ਕੱਢਣ ਲੱਗੀਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਵੀਜ਼ਨਲ ਕਮਿਸ਼ਨਰ, ਪਟਿਆਲਾ ਨੂੰ ਇਸ ਹਾਦਸੇ ਦੀ ਮੈਜਿਸਟਰੇਟ ਜਾਂਚ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਲਈ 2 ਲੱਖ ਰੁਪਏ ਮੁਆਵਜ਼ਾ ਤੇ ਜ਼ਖਮੀਆਂ ਦਾ ਮੁਫ਼ਤ ਇਲਾਜ ਦੇਣ ਦਾ ਐਲਾਨ ਕੀਤਾ ਹੈ।