ਰੋਪੜ: ਮੁਖਤਾਰ ਅੰਸਾਰੀ ਕੇਸ 'ਚ ਜਿਸ ਐਂਬੂਲੈਂਸ ਦੀ ਵਰਤੋਂ ਕੀਤੀ ਗਈ ਸੀ, ਉਹ ਬੀਤੀ ਰਾਤ ਰੋਪੜ ਹਾਈਵੇਅ 'ਤੇ ਇੱਕ ਢਾਬੇ ਦੇ ਬਾਹਰ ਮਿਲੀ ਸੀ। ਇਸ ਮਾਮਲੇ ਵਿੱਚ ਯੂਪੀ ਪੁਲਿਸ ਅੱਜ ਜਾਂਚ ਲਈ ਰੋਪੜ ਦੇ ਢਾਬੇ 'ਤੇ ਪਹੁੰਚੀ, ਜਿਥੇ ਇਹ ਐਂਬੂਲੈਂਸ ਲਾਵਾਰਿਸ ਹਾਲਤ ਵਿੱਚ ਮਿਲੀ ਸੀ। ਯੂਪੀ ਪੁਲਿਸ ਦੇ ਡੀਐਸਪੀ ਨਵੀਨ ਕੁਮਾਰ ਨੇ ਕਿਹਾ ਹੈ ਕਿ ਉਨ੍ਹਾਂ ਸਬੂਤ ਇਕੱਠੇ ਕੀਤੇ ਹਨ।

 

ਡੀਐਸਪੀ ਨੇ ਦੱਸਿਆ ਕਿ ਇਸ ਐਂਬੂਲੈਂਸ ਨੂੰ ਲੈ ਕੇ ਬਾਰਾਬਾਂਕੀ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਅਸੀਂ ਇਸ ਸੰਬੰਧ 'ਚ ਇਥੇ ਆਏ ਹਾਂ। ਸਾਰੀ ਸਰਚ ਚੱਲ ਰਹੀ ਹੈ, ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਜਾਂਚ ਵਿਚ ਜੋ ਵੀ ਸਬੂਤ ਮਿਲੇ ਹਨ ਉਸ ਦੇ ਅਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਇਸ ਕੇਸ 'ਚ ਅਦਾਲਤ ਦੀ ਇਜਾਜ਼ਤ ਵੀ ਲੈਣੀ ਪਵੇਗੀ ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਏਗੀ। ਇਹ ਐਂਬੂਲੈਂਸ ਇਥੇ ਪੰਜਾਬ ਪੁਲਿਸ ਨੂੰ ਲਾਵਾਰਿਸ ਹਾਲਤ ਵਿੱਚ ਮਿਲੀ ਹੈ।

 

ਗੈਂਗਸਟਰ ਤੇ BSP ਵਿਧਾਇਕ ਮੁਖਤਾਰ ਅਨਸਾਰੀ ਦੀ ਅੱਜ ਉੱਤਰ ਪ੍ਰਦੇਸ਼ ਵਾਪਸੀ ਹੋਣ ਵਾਲੀ ਹੈ। ਪੰਜਾਬ ਸਰਕਾਰ ਦੇ ਵਧੀਕ ਮੁੱਖ ਸਕੱਤਰ (ਗ੍ਰਹਿ) ਨੂੰ ਯੂਪੀ ਦੇ ਵਧੀਕ ਮੁੱਖ ਸਕੱਤਰ (ਗ੍ਰਹਿ) ਨੂੰ ਇੱਕ ਪੱਤਰ ਲਿਖਿਆ ਹੈ ਕਿ ਮੁਖਤਾਰ ਅਨਸਾਰੀ ਦੀ ਸਪੁਰਦਗੀ 8 ਅਪ੍ਰੈਲ ਤੋਂ ਪਹਿਲਾਂ ਕਰ ਦਿੱਤੀ ਜਾਵੇ। ਏਡੀਜੀ ਪ੍ਰਯਾਗਰਾਜ ਜ਼ੋਨ ਪ੍ਰੇਮ ਪ੍ਰਕਾਸ਼ ਨੂੰ ਮੁਖਤਾਰ ਅਨਸਾਰੀ ਨੂੰ ਪੰਜਾਬ ਤੋਂ ਬਾਂਦਾ ਜੇਲ੍ਹ ਲਿਆਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

 

ਜਾਣਕਾਰੀ ਮੁਤਾਬਕ ਅਨਸਾਰੀ ਨੂੰ ਸੜਕ ਮਾਰਗ ਰਾਹੀਂ ਬਾਂਦਾ ਜੇਲ ਸ਼ਿਫਟ ਕਰਨ ਦੀ ਤਿਆਰੀ ਕੀਤੀ ਜਾ ਚੁੱਕੀ ਹੈ। ਇਸੇ ਦੌਰਾਨ ਯੂਪੀ ਨੰਬਰ ਦੀ ਐਂਬੂਲੈਂਸ ਜਿਸ ਵਿੱਚ ਪੰਜਾਬ ਪੁਲਿਸ ਨੇ ਮੁਹਾਲੀ ਦੀ ਅਦਾਲਤ ਵਿੱਚ ਮੁਖਤਾਰ ਅਨਸਾਰੀ ਨੂੰ ਪੇਸ਼ ਕੀਤਾ, ਉਹ ਐਤਵਾਰ ਰਾਤ ਰੂਪਨਗਰ ਜ਼ਿਲੇ 'ਚ  ਚੰਡੀਗੜ੍ਹ-ਨੰਗਲ ਹਾਈਵੇਅ ‘ਤੇ ਸੜਕ ਕਿਨਾਰੇ ਇੱਕ ਢਾਬੇ ਤੇ ਲਾਵਾਰਿਸ ਹਾਲਤ ਵਿੱਚ ਮਿਲੀ। ਇਸ ਐਂਬੂਲੈਂਸ 'ਤੇ ਜਾਅਲੀ ਦਸਤਾਵੇਜ਼ਾਂ ਦੇ ਮਾਮਲੇ ਵਿਚ ਉੱਤਰ ਪ੍ਰਦੇਸ਼ ਵਿੱਚ ਐਫਆਈਆਰ ਦਰਜ ਹੈ।