ਲੁਧਿਆਣਾ: ਦੋ ਦਿਨ ਪਹਿਲਾਂ ਪਹਾੜੀ ਇਲਾਕਿਆਂ ਵਿੱਚ ਹੋਈ ਬਰਫ਼ਬਾਰੀ ਤੇ ਸੂਬੇ 'ਚ ਹੋਈ ਗੜੇਮਾਰੀ ਤੇ ਬਰਸਾਤ ਕਾਰਨ ਸੂਬੇ ਦੇ ਦਿਨ ਦੇ ਤਾਪਮਾਨ ਵਿੱਚ ਸੱਤ ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਮੌਸਮ ਨੇ ਕਰਵਟ ਲੈ ਲਈ ਹੈ। ਸ਼ੁੱਕਰਵਾਰ ਨੂੰ ਮੀਂਹ ਕਾਰਨ ਸਵੇਰੇ ਤੇ ਸ਼ਾਮ ਨੂੰ ਹਵਾਵਾਂ ਦੇ ਪ੍ਰਭਾਵ ਕਾਰਨ ਠੰਢ ਮਹਿਸੂਸ ਕੀਤੀ ਗਈ।


ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 27.1°C ਤੇ ਘੱਟੋ-ਘੱਟ ਤਾਪਮਾਨ 19.3°C ਦਰਜ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 7°C ਘੱਟ ਸੀ। ਇਸੇ ਤਰ੍ਹਾਂ ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 27.4°C ਤੇ ਘੱਟੋ-ਘੱਟ ਤਾਪਮਾਨ 27.4°C ਰਿਕਾਰਡ ਕੀਤਾ ਗਿਆ। ਇੱਥੇ ਵੀ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 7°C ਘੱਟ ਸੀ।


ਪੀਏਯੂ ਦੇ ਮੌਸਮ ਵਿਗਿਆਨੀ ਡਾ. ਕੇਕੇ ਗਿੱਲ ਮੁਤਾਬਕ ਰੋਹਤਾਂਗ ਤੇ ਹੋਰ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ। ਅਜਿਹੇ ਵਿੱਚ ਪਹਾੜੀ ਇਲਾਕਿਆਂ ਤੋਂ ਆਉਣ ਵਾਲੀ ਹਵਾ ਦੇ ਚੱਲਦੇ ਮੈਦਾਨਾਂ ਵਿੱਚ ਮੌਸਮ ਦਾ ਮਿਜਾਜ਼ ਹਾਲੇ ਬਦਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਦੋ-ਤਿੰਨ ਦਿਨ ਮੌਸਮ ਏਦਾਂ ਹੀ ਰਹੇਗਾ।