ਕਪੂਰਥਲਾ: ਨੌਜਵਾਨਾਂ ਦੇ ਨਾਲ-ਨਾਲ ਸਿਆਸਤਦਾਨ ਵਿੱਚ ਵੀ ਸੋਸ਼ਲ ਮੀਡੀਆ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਦਰਅਸਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੋਵਾਂ ਦੀ ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ ਖੂਬ ਚੜ੍ਹਾਈ ਹੈ। ਸ਼ੁੱਕਰਵਾਰ ਨੂੰ ਵਿਸ਼ਵ ਪਸ਼ੂ ਦਿਵਸ ਮੌਕੇ ਦੋਹਾਂ ਲੀਡਰਾਂ ਨੇ ਆਪਣੇ ਪਾਲਤੂ ਜਾਨਵਰ ਘੋੜੇ ਤੇ ਕੁੱਤੇ ਦੀ ਫੋਟੋ ਸਾਂਝੀ ਕੀਤੀ ਅਤੇ ਜਾਨਵਰਾਂ ਨੂੰ ਵੱਧ ਤੋਂ ਵੱਧ ਪਿਆਰ ਕਰਨ ਦਾ ਸੰਦੇਸ਼ ਦਿੱਤਾ।


ਖ਼ਾਸ ਸਗੱਲ ਇਹ ਹੈ ਕਿ ਵਿਸ਼ਵ ਪਸ਼ੂ ਦਿਵਸ ਦੇ ਮੌਕੇ 'ਤੇ ਸੂਬੇ ਦੇ ਪਸ਼ੂ ਪਾਲਣ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸੋਸ਼ਲ ਮੀਡੀਆ 'ਤੇ ਕੋਈ ਸੰਦੇਸ਼ ਨਹੀਂ ਦਿੱਤਾ। ਉਨ੍ਹਾਂ ਦੇ ਫੇਸਬੁੱਕ ਪੇਜ ਜਾਂ ਕਿਸੇ ਹੋਰ ਸੋਸ਼ਲ ਮੀਡੀਆ ਅਕਾਊਂਟ ਤੋਂ ਪਸ਼ੂ ਦਿਵਸ ਨਲਾ ਸਬੰਧਿਤ ਕਿਸੇ ਤਰ੍ਹਾਂ ਦੀ ਪੋਸਟ ਸਾਂਝੀ ਨਹੀਂ ਕੀਤੀ ਗਈ।


ਸਵੇਰੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਫੇਸਬੁੱਕ ਪੇਜ ਤੋਂ ਆਪਣੇ ਸਭ ਤੋਂ ਮਹਿੰਗੇ ਤੇ ਪਾਲਤੂ ਘੋੜੇ ਦੀ ਤਸਵੀਰ ਸਾਂਝੀ ਕੀਤੀ। ਕੁਝ ਹੀ ਪਲਾਂ ਵਿੱਚ ਕੈਪਟਨ ਨੇ ਵੀ ਅਜਿਹਾ ਹੀ ਕੀਤਾ। ਕੈਪਟਨ ਨੇ ਵੀ ਬਚਪਨ ਦੀ ਫੋਟੋ ਦੇ ਨਾਲ ਆਪਣੇ ਪਾਲਤੂ ਕੁੱਤੇ ਦੀ ਫੋਟੋ ਆਪਣੇ ਫੇਸਬੁੱਕ ਪੇਜ 'ਤੇ ਸਾਂਝੀ ਕੀਤੀ।


ਵਿਸ਼ਵ ਪਸ਼ੂ ਦਿਵਸ ਦੇ ਮੌਕੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਪੇਜ 'ਤੇ ਆਪਣੇ ਪਾਲਤੂ ਕੁੱਤੇ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ਇਹ ਤਸਵੀਰ ਉਸ ਸਮੇਂ ਦੀ ਹੈ ਜਦੋਂ ਮੈਂ 10 ਸਾਲਾਂ ਦਾ ਸੀ। ਤਸਵੀਰ ਵਿਚ ਮੇਰੇ ਨਾਲ ਮੇਰਾ ਪਾਲਤੂ ਕੁੱਤਾ ਡੌਨ ਹੈ, ਜੋ ਹਮੇਸ਼ਾ ਮੈਨੂੰ ਪਿਆਰਾ ਰਿਹਾ ਹੈ।



ਉਨ੍ਹਾਂ ਕਿਹਾ ਕਿ ਮੈਨੂੰ ਅਜੇ ਵੀ ਉਸਦਾ ਮੇਰੇ ਲਈ ਮੋਹ ਤੇ ਪਿਆਰ ਯਾਦ ਹੈ। ਉਸ ਦਾ ਦੌੜ ਕੇ ਮੇਰੇ ਕੋਲ ਆਉਣਾ ਮੇਰੇ ਚਿਹਰੇ 'ਤੇ ਖੁਸ਼ੀ ਲਿਆਉਂਦਾ ਸੀ। ਇਸ ਦੁਨੀਆਂ ਵਿੱਚ ਕੋਈ ਵੀ ਕੁੱਤਿਆਂ ਤੋਂ ਵੱਧ ਵਫ਼ਾਦਾਰ ਨਹੀਂ। ਵਿਸ਼ਵ ਪਸ਼ੂ ਦਿਵਸ ਦੇ ਮੌਕੇ ਉਨ੍ਹਾਂ ਸਾਰਿਆਂ ਨੂੰ ਆਪਣੇ ਪਸ਼ੂਆਂ ਦੀ ਸੰਭਾਲ ਕਰਨ ਅਤੇ ਉਨ੍ਹਾਂ ਨੂੰ ਪਿਆਰ ਨਾਲ ਰੱਖਣ ਦੀ ਅਪੀਲ ਕੀਤੀ।


ਘੋੜੇ ਦੀ ਫੋਟੋ ਸ਼ੇਅਰ ਕਰਦਿਆਂ ਸੁਖਬੀਰ ਬਾਦਲ ਨੇ ਲਿਖਿਆ 'ਹਰ ਸੱਚੇ ਪੰਜਾਬੀ ਨੂੰ ਪਸ਼ੂਆਂ ਨਾਲ ਕੁਦਰਤੀ ਸਨੇਹ ਹੁੰਦਾ ਹੈ। ਅਸੀਂ ਪਸ਼ੂਆਂ ਨੂੰ ਵੀ ਪਰਿਵਾਰ ਦਾ ਹੀ ਹਿੱਸਾ ਮੰਨਦੇ ਹਾਂ। ਅਸੀਂ ਉਨ੍ਹਾਂ ਨੂੰ ਪਿਆਰ ਨਾਲ ਪਾਲ਼ਦੇ ਹਾਂ, ਸਨਮਾਨ ਦਿੰਦੇ ਹਾਂ ਅਤੇ ਉਨ੍ਹਾਂ ਨਾਲ ਆਪਣੇ ਦਿਲ ਦੀਆਂ ਗੱਲਾਂ, ਆਪਣੇ ਦੁੱਖ-ਸੁੱਖ ਵੀ ਸਾਂਝੇ ਕਰਦੇ ਹਾਂ। ਵਿਸ਼ਵ ਪਸ਼ੂ ਦਿਵਸ ਮੌਕੇ, ਆਓ ਪਰਮਾਤਮਾ ਦੇ ਸਾਜੇ ਸਾਰੇ ਜੀਵਾਂ ਨਾਲ ਸਾਂਝ ਤੇ ਸੰਤੁਲਨ ਬਣਾ ਕੇ ਜਿਉਣ ਦਾ ਹੁਨਰ, ਸਾਰੀ ਦੁਨੀਆ ਨੂੰ ਸਿਖਾਈਏ।'