Bhagwant Mann Flight Deplaning Row : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) 'ਤੇ ਦੋਸ਼ ਲੱਗ ਰਿਹਾ ਹੈ ਕਿ ਉਨ੍ਹਾਂ ਦੇ ਸ਼ਰਾਬ ਦੇ ਨਸ਼ੇ 'ਚ ਧੁੱਤ ਹੋਣ ਕਾਰਨ ਜਰਮਨ ਏਅਰਲਾਈਨਜ਼ ਲੁਫਥਾਂਸਾ (Lufthansa Airlines) ਦੀ ਫਲਾਈਟ 'ਚ ਦੇਰੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਨੇ ਵੀ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਮਾਨ 'ਤੇ ਇਹ ਦੋਸ਼ ਲਾਇਆ ਹੈ। ਇਸ ਮਾਮਲੇ 'ਤੇ ਲੁਫਥਾਂਸਾ ਏਅਰਲਾਈਨਜ਼ ਦੀ ਪ੍ਰਤੀਕਿਰਿਆ ਆਈ ਹੈ।
ਦਰਅਸਲ, ਇੱਕ ਉਪਭੋਗਤਾ ਨੇ ਟਵਿੱਟਰ 'ਤੇ ਏਅਰਲਾਈਨ ਕੰਪਨੀ ਨੂੰ ਟੈਗ ਕੀਤਾ ਅਤੇ ਪੁੱਛਿਆ ਕਿ ਕੀ ਇੱਕ ਭਾਰਤੀ ਦਾ ਨਸ਼ੇ 'ਚ ਹੋਣਾ ਅਨੁਸੂਚਿਤ ਫਲਾਈਟ 'ਚ ਦੇਰੀ ਲਈ ਸੰਭਾਵੀ ਖ਼ਤਰਾ ਬਣਿਆ ? ਇਸ ਦੇ ਜਵਾਬ ਵਿੱਚ ਲੁਫਥਾਂਸਾ ਏਅਰਲਾਈਨਜ਼ ਨੇ ਲਿਖਿਆ, "ਆਉਣ ਵਾਲੀ ਫਲਾਈਟ ਵਿੱਚ ਦੇਰੀ ਅਤੇ ਜਹਾਜ਼ ਵਿੱਚ ਤਬਦੀਲੀ ਕਾਰਨ ਫ੍ਰੈਂਕਫਰਟ ਤੋਂ ਦਿੱਲੀ ਲਈ ਸਾਡੀ ਉਡਾਣ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਰਵਾਨਾ ਹੋਈ।
ਲੁਫਥਾਂਸਾ ਏਅਰਲਾਈਨਜ਼ ਨੇ ਯੂਜ਼ਰ ਦੇ ਸਵਾਲ ਦਾ ਜਵਾਬ ਦਿੱਤਾ ਹੈ ਪਰ ਇਸ ਮਾਮਲੇ 'ਚ ਉਨ੍ਹਾਂ ਦਾ ਅਧਿਕਾਰਤ ਬਿਆਨ ਆਉਣਾ ਬਾਕੀ ਹੈ। ਏਅਰਲਾਈਨਜ਼ ਨੇ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਜਾਂ ਇਨਕਾਰ ਨਹੀਂ ਕੀਤਾ ਹੈ ਕਿ ਕੀ ਫਲਾਈਟ ਦੀ ਦੇਰੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਲ ਸਨ ਜਾਂ ਨਹੀਂ।
ਦੱਸ ਦੇਈਏ ਕਿ ਭਗਵੰਤ ਮਾਨ 11 ਤੋਂ 18 ਸਤੰਬਰ ਤੱਕ ਜਰਮਨੀ ਦੇ ਦੌਰੇ 'ਤੇ ਸਨ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਮਾਨ ਨੂੰ ਫਰੈਂਕਫਰਟ ਵਿੱਚ ਲੁਫਥਾਂਸਾ ਦੇ ਇੱਕ ਜਹਾਜ਼ ਤੋਂ ਉਤਾਰਿਆ ਗਿਆ ਸੀ, ਜੋ ਕਿ ਦਿੱਲੀ ਲਈ ਰਵਾਨਾ ਹੋਣ ਵਾਲਾ ਸੀ। ਮਾਨ 'ਤੇ ਦੋਸ਼ ਲੱਗਾ ਕਿ ਉਨ੍ਹਾਂ ਦੇ ਨਸ਼ੇ 'ਚ ਹੋਣ ਕਾਰਨ ਫਲਾਈਟ 'ਚ ਦੇਰੀ ਹੋ ਗਈ ਸੀ।
ਸੁਖਬੀਰ ਸਿੰਘ ਬਾਦਲ ਨੇ ਕੀ ਕਿਹਾ?
ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮਾਨ 'ਤੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਸ਼ਰਮਸਾਰ ਕਰਨ ਦਾ ਦੋਸ਼ ਲਾਇਆ ਹੈ। ਸੁਖਬੀਰ ਬਾਦਲ ਨੇ ਇੱਕ ਟਵੀਟ ਵਿੱਚ ਲਿਖਿਆ, "ਸਹਿ ਯਾਤਰੀਆਂ ਦੇ ਹਵਾਲੇ ਨਾਲ ਪਰੇਸ਼ਾਨ ਕਰਨ ਵਾਲੀਆਂ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੁਫਥਾਂਸਾ ਦੀ ਫਲਾਈਟ ਤੋਂ ਇਸ ਲਈ ਉਤਾਰ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ ਐਨੀ ਜ਼ਿਆਦਾ ਸ਼ਰਾਬ ਪੀ ਰੱਖੀ ਸੀ ਕਿ ਚੱਲ ਵੀ ਨਹੀਂ ਸਕਦੇ ਸੀ ਅਤੇ ਫਲਾਈਟ ਵਿੱਚ ਚਾਰ ਘੰਟੇ ਦੀ ਦੇਰੀ ਹੋਈ। ਉਹ ਆਪ ਦੇ ਰਾਸ਼ਟਰੀ ਸੰਮੇਲਨ ਵਿਚ ਸ਼ਾਮਲ ਨਹੀਂ ਹੋ ਸਕੇ। ਇਨ੍ਹਾਂ ਖ਼ਬਰਾਂ ਨੇ ਦੁਨੀਆਂ ਭਰ ਦੇ ਪੰਜਾਬੀਆਂ ਨੂੰ ਸ਼ਰਮਿੰਦਾ ਕਰ ਦਿੱਤਾ ਹੈ।
ਉਨ੍ਹਾਂ ਅੱਗੇ ਲਿਖਿਆ, ''ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਆਪਣੇ ਮੁੱਖ ਮੰਤਰੀ ਬਾਰੇ ਇਨ੍ਹਾਂ ਰਿਪੋਰਟਾਂ 'ਤੇ ਚੁੱਪ ਹੈ। ਅਰਵਿੰਦ ਕੇਜਰੀਵਾਲ ਨੂੰ ਇਸ ਮਾਮਲੇ 'ਤੇ ਸਫਾਈ ਦੇਣੀ ਚਾਹੀਦੀ ਹੈ। ਭਾਰਤ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਹਨ ਕਿਉਂਕਿ ਇਸ ਵਿੱਚ ਪੰਜਾਬੀ ਅਤੇ ਰਾਸ਼ਟਰੀ ਸਵੈਮਾਣ ਸ਼ਾਮਲ ਹੈ। ਜੇਕਰ ਉਨ੍ਹਾਂ ਨੂੰ ਜਹਾਜ਼ ਤੋਂ ਉਤਾਰਿਆ ਗਿਆ ਸੀ ਤਾਂ ਭਾਰਤ ਸਰਕਾਰ ਨੂੰ ਆਪਣੇ ਜਰਮਨ ਦੂਤ ਨਾਲ
ਇਹ ਮੁੱਦਾ ਉਠਾਉਣਾ ਚਾਹੀਦਾ ਹੈ।
ਭਾਜਪਾ ਨੇਤਾ ਨੇ ਕਸਿਆ ਤੰਜ
ਇਸ ਮਾਮਲੇ ਨੂੰ ਲੈ ਕੇ ਭਾਜਪਾ ਆਗੂਆਂ ਦੀਆਂ ਪ੍ਰਤੀਕਿਰਿਆਵਾਂ ਵੀ ਆਈਆਂ ਹਨ। ਭਾਜਪਾ ਆਗੂ ਪਰਵੇਸ਼ ਵਰਮਾ ਨੇ ਵਿਅੰਗ ਕਸਦਿਆਂ ਕਿਹਾ ਕਿ ਮਾਨ ਨੇ ਕੇਜਰੀਵਾਲ ਨਾਲ ਵਾਅਦਾ ਕੀਤਾ ਸੀ ਕਿ ਉਹ ਭਾਰਤ ਅਤੇ ਵਿਦੇਸ਼ 'ਚ ਸ਼ਰਾਬ ਨੂੰ ਹੱਥ ਨਹੀਂ ਲਗਾਉਣਗੇ ।
ਆਮ ਆਦਮੀ ਪਾਰਟੀ ਨੇ ਮਾਨ 'ਤੇ ਲਗਾਏ ਜਾ ਰਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ‘ਆਪ’ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀ.ਐਮ ਮਾਨ ਆਪਣੇ ਨਿਰਧਾਰਤ ਪ੍ਰੋਗਰਾਮ ਅਨੁਸਾਰ 19 ਸਤੰਬਰ ਨੂੰ ਜਰਮਨੀ ਤੋਂ ਫਲਾਈਟ ਲੈ ਕੇ ਦਿੱਲੀ ਪਰਤ ਆਏ ਸਨ, ਜਿਸ ਲਈ ਉਹ 18 ਸਤੰਬਰ ਨੂੰ ਫਲਾਈਟ ਵਿੱਚ ਸਵਾਰ ਹੋਏ ਸਨ। ਉਨ੍ਹਾਂ ਕਿਹਾ ਕਿ ਸੀ.ਐਮ.ਮਾਨ 'ਤੇ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਅਤੇ ਪ੍ਰਾਪੇਗੰਡਾ ਹਨ।