ਚੰਡੀਗੜ੍ਹ: ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨੇ ਸ਼ਨਿਚਰਵਾਰ ਨੂੰ ਬਰਵਾਲਾ (ਹਰਿਆਣਾ) ਤੋਂ ਭੂਪੀ ਰਾਣਾ ਗੈਂਗ ਦੇ ਇੱਕ ਮੁੱਖ ਸ਼ੂਟਰ ਨੂੰ ਗ੍ਰਿਫਤਾਰ ਕਰ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ’ਤੇ ਚਲਾਈ ਮੁਹਿੰਮ ਤਹਿਤ ਲਗਾਤਾਰ ਦੂਜੇ ਦਿਨ ਵੱਡੀ ਸਫਲਤਾ ਹਾਸਲ ਕੀਤੀ ਹੈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ  ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਗਿਰਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਅੰਕਿਤ ਰਾਣਾ ਵਜੋਂ ਹੋਈ ਹੈ, ਜੋ ਜ਼ੀਰਕਪੁਰ ਅਤੇ ਪੰਚਕੂਲਾ ਦੇ ਇਲਾਕੇ ਵਿੱਚ ਫਿਰੌਤੀ ਦਾ ਰੈਕੇਟ ਚਲਾ ਰਿਹਾ ਸੀ। ਪੁਲੀਸ ਨੇ ਦੋਸ਼ੀ ਪਾਸੋਂ  .32 ਬੋਰ ਦਾ ਇੱਕ ਪਿਸਤੌਲ ਅਤੇ ਪੰਜ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।


ਇਹ ਕਾਰਵਾਈ ਢਕੋਲੀ ਤੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਬੰਟੀ ਦੀ ਗ੍ਰਿਫਤਾਰੀ ਤੋਂ ਇਕ ਦਿਨ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।


ਡੀਜੀਪੀ ਨੇ ਦੱਸਿਆ ਕਿ ਏਜੀਟੀਐਫ ਨੇ ਜ਼ਿਲ੍ਹਾ ਪੁਲਿਸ ਐਸ.ਏ.ਐਸ.ਨਗਰ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਗੈਂਗਸਟਰ ਅੰਕਿਤ ਰਾਣਾ ਨੂੰ .32 ਬੋਰ ਦੇ ਪਿਸਤੌਲ ਅਤੇ 5 ਕਾਰਤੂਸਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।


ਉਨ੍ਹਾਂ ਦੱਸਿਆ ਕਿ ਅੰਕਿਤ ਜੁਲਾਈ 2022 ਵਿੱਚ ਹੋਏ ਬਲਟਾਣਾ ਮੁਕਾਬਲੇ ਦੇ ਕੇਸ ਵਿੱਚ ਲੋੜੀਂਦਾ ਸੀ। ਜ਼ਿਕਰਯੋਗ ਹੈ ਕਿ ਬਲਟਾਣਾ ਆਪ੍ਰੇਸ਼ਨ ਦੌਰਾਨ ਭੂਪੀ ਰਾਣਾ ਗੈਂਗ ਦੇ ਤਿੰਨ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦਕਿ ਜਵਾਬੀ ਗੋਲੀਬਾਰੀ ਵਿੱਚ ਇੱਕ ਗੈਂਗਸਟਰ ਜ਼ਖ਼ਮੀ ਹੋ ਗਿਆ ਸੀ ਅਤੇ  ਇਸ ਪੁਲਿਸ ਕਾਰਵਾਈ ਵਿੱਚ ਪੰਜਾਬ ਪੁਲਿਸ ਦੇ ਦੋ ਅਧਿਕਾਰੀ ਵੀ ਜ਼ਖਮੀ ਹੋਏ ਹਨ।


ਉਸ ਨੂੰ ਥਾਣਾ ਜ਼ੀਰਕਪੁਰ ਵਿਖੇ  ਆਈ.ਪੀ.ਸੀ. ਦੀ ਧਾਰਾ 353, 186, 307 ਅਤੇ 34 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਦਰਜ ਐਫਆਈਆਰ ਨੰਬਰ 340 ਮਿਤੀ 17-07-2022 ਨੂੰ ਦਰਜ ਮਾਮਲੇ ਅਧੀਨ ਗ੍ਰਿਫਤਾਰ ਕੀਤਾ ਗਿਆ ।


ਡੀਜੀਪੀ ਨੇ ਦੱਸਿਆ ਕਿ ਅੰਕਿਤ ਰਾਣਾ ਹਰਿਆਣਾ ਅਤੇ ਪੰਜਾਬ ਰਾਜਾਂ ਵਿੱਚ ਦਰਜ ਹੋਏ ਇਰਾਦਾ ਕਤਲ , ਅਸਲਾ ਐਕਟ ਅਤੇ ਜਬਰਨ ਵਸੂਲੀ ਆਦਿ ਦੇ ਕਈ ਅਪਰਾਧਿਕ ਮਾਮਲਿਆਂ ਵਿੱਚ ਵੀ ਲੋੜੀਂਦਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਉਹ ਜ਼ੀਰਕਪੁਰ ਦੇ 15 ਹੋਟਲਾਂ ਅਤੇ ਪੰਚਕੂਲਾ ਦੇ 10 ਹੋਟਲਾਂ ਤੋਂ ਇਲਾਵਾ ਇਸ ਖੇਤਰ ਦੇ ਹੋਰ ਨਾਮੀ ਕਾਰੋਬਾਰੀਆਂ ਤੋਂ ਵੀ ਪੈਸੇ ਵਸੂਲਣ ਵਿੱਚ ਸ਼ਾਮਲ ਸੀ। ਜ਼ਿਕਰਯੋਗ ਹੈ ਕਿ ਅਪਰਾਧਿਕ ਗਤੀਵਿਧੀਆਂ ਵਿੱਚ ਉਸ ਦੀ ਸ਼ਮੂਲੀਅਤ ਬਾਰੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।