ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂਆਂ ਵੱਲੋਂ ਦਰਬਾਰ ਸਾਹਿਬ ਵਿਖੇ ਪਿਛਲੇ ਸਮੇਂ ਹੋਈਆਂ ਭੁੱਲਾਂ ਬਖ਼ਸ਼ਾਉਣ ਤੋਂ ਇੱਕ ਦਿਨ ਬਾਅਦ ਸਾਬਕਾ ਅਕਾਲੀ ਮੰਤਰੀ ਨੇ ਬਰਗਾੜੀ ਮੋਰਚੇ ਦਾ ਸਮਰਥਨ ਕੀਤਾ ਹੈ। ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਉਹ ਬਰਗਾੜੀ ਮੋਰਚੇ ਦੀਆਂ ਮੰਗਾਂ ਦਾ ਸਮਰਥਨ ਕਰਦੇ ਹਨ। ਸੇਖਵਾਂ ਨੇ ਸੰਕੇਤ ਦਿੱਤੇ ਹਨ ਕਿ ਉਹ ਆਪਣੇ ਦੋਵੇਂ ਸਾਥੀਆਂ ਨਾਲ ਬਰਗਾੜੀ ਮੋਰਚੇ ਵਿੱਚ ਸ਼ਾਮਲ ਹੋ ਸਕਦੇ ਹਨ। ਯਾਦ ਰਹੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਬਰਗਾੜੀ ਮੋਰਚੇ ਦੇ ਲੀਡਰਾਂ ਆਈਐਸਆਈ ਤੇ ਕਾਂਗਰਸ ਦੇ ਏਜੰਟ ਕਰਾਰ ਦਿੰਦੇ ਆ ਰਹੇ ਹਨ। ਸੇਖਵਾਂ ਮੁਤਾਬਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਤੇ ਤਿੰਨ ਸਾਲ ਪਹਿਲਾਂ ਪੁਲਿਸ ਦੀ ਗੋਲ਼ੀ ਕਾਰਨ ਮਰਨ ਵਾਲੇ ਦੋ ਸਿੱਖ ਨੌਜਵਾਨਾਂ ਨੂੰ ਇਨਸਾਫ ਦਿਵਾਉਣਾ ਤੇ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ, ਤਿੰਨ ਮੁੱਖ ਮੰਗਾਂ ਹਨ, ਜਿਨ੍ਹਾਂ ਦਾ ਉਹ ਵੀ ਸਮਰਥਨ ਕਰਦੇ ਹਨ। ਇਹ ਦਿਲਚਸਪ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਸਟੈਂਡ ਹਮੇਸ਼ਾ ਹੀ ਬਰਗਾੜੀ ਮੋਰਚੇ ਦੇ ਖ਼ਿਲਾਫ਼ ਰਿਹਾ ਹੈ। ਬਾਦਲ ਹਮੇਸ਼ਾ ਹੀ ਦੋਸ਼ ਲਾਉਂਦੇ ਆਏ ਹਨ ਕਿ ਆਈਐਸਆਈ ਤੇ ਦੇਸ਼ ਵਿਰੋਧੀ ਤਾਕਤਾਂ ਬਰਗਾੜੀ ਪ੍ਰਦਰਸ਼ਨ ਨੂੰ ਹਵਾ ਦੇ ਰਹੀਆਂ ਹਨ ਪਰ ਅੰਗ੍ਰੇਜ਼ੀ ਅਖ਼ਬਾਰ ਹਿੰਦੁਸਤਾਨ ਟਾਈਮਜ਼ ਨੂੰ ਦਿੱਤੇ ਇੰਟਰਵਿਊ ਵਿੱਚ ਸੇਖਵਾਂ ਨੇ ਪਾਰਟੀ ਦੀ ਲੀਹ ਤੋਂ ਹਟ ਕੇ ਕਿਹਾ ਹੈ ਕਿ ਇਨ੍ਹਾਂ ਮੁੱਦਿਆਂ 'ਤੇ ਸਿੱਖਾਂ ਨੂੰ ਇਨਸਾਫ਼ ਚਾਹੀਦਾ ਹੈ ਤੇ ਮੈਂ ਵੀ ਇਨ੍ਹਾਂ ਨਾਲ ਇਤਫ਼ਾਕ ਰੱਖਦਾ ਹਾਂ। ਹਾਲਾਂਕਿ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੇਖਵਾਂ ਨੇ ਮੋਰਚੇ ਵਿੱਚ ਸ਼ਾਮਲ ਹੋਣ ਲਈ ਹਾਲ ਦੀ ਘੜੀ ਕਿਨਾਰਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਫ਼ਿਲਹਾਲ ਅਜਿਹਾ ਕੋਈ ਇਰਾਦਾ ਨਹੀਂ ਹੈ, ਪਰ ਉਨ੍ਹਾਂ ਦਾ ਮੋਰਚੇ 'ਤੇ ਬੈਠੇ ਆਗੂਆਂ ਨਾਲ ਕੋਈ ਮੱਤਭੇਦ ਵੀ ਨਹੀਂ। ਸੇਖਵਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਲੀਡਰਸ਼ਿਪ ਇਨ੍ਹਾਂ ਮਸਲਿਆਂ ਨੂੰ ਨਜ਼ਰਅੰਦਾਜ਼ ਕਰਦੀ ਆਈ, ਜਿਨ੍ਹਾਂ ਨੇ ਸਾਨੂੰ ਇਕੱਠੇ ਕੀਤਾ ਹੈ। ਇੰਨਾ ਹੀ ਨਹੀਂ ਸੇਖਵਾਂ ਨੇ ਬਾਦਲ ਪਰਿਵਾਰ ਦਾ ਨਾਂਅ ਲਏ ਬਗ਼ੈਰ ਮੋਰਚੇ ਦੇ ਆਈਐਸਆਈ ਨਾਲ ਸਬੰਧਤ ਹੋਣ 'ਤੇ ਉਨ੍ਹਾਂ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਬਗ਼ੈਰ ਕਿਸੇ ਸਬੂਤ ਦੇ ਕੋਈ ਕਿਵੇਂ ਇਹ ਕਹਿ ਸਕਦਾ ਹੈ। ਸੇਖਵਾਂ ਨੇ ਕਿਹਾ ਕਿ ਉਨ੍ਹਾਂ ਆਪਣੀ ਆਵਾਜ਼ ਬੁਲੰਦ ਕੀਤੀ ਹੈ ਤੇ ਜਿਵੇਂ ਹੀ ਸੰਗਤ ਵੱਲੋਂ ਪ੍ਰਤੀਕਿਰਿਆ ਦਿੱਤੀ ਜਾਵੇਗੀ, ਉਵੇਂ ਹੀ ਮੋਰਚੇ ਵਿੱਚ ਸ਼ਾਮਲ ਹੋਣ ਬਾਰੇ ਅੰਤਮ ਫੈਸਲਾ ਲੈਣਗੇ। ਜ਼ਿਕਰਯੋਗ ਹੈ ਕਿ ਮਾਝੇ ਦੇ ਤਿੰਨ ਟਕਸਾਲੀ ਲੀਡਰ ਡਾ. ਰਤਨ ਸਿੰਘ ਅਜਨਾਲਾ, ਰਣਜੀਤ ਸਿੰਘ ਬ੍ਰਹਮਪੁਰਾ ਤੇ ਸੇਵਾ ਸਿੰਘ ਸੇਖਵਾਂ ਨੇ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਵੱਖਰਾ ਰਾਹ ਅਖ਼ਤਿਆਰ ਕੀਤਾ ਹੋਇਆ ਹੈ। ਉਹ ਪਾਰਟੀ ਤੋਂ ਵੱਖਰੀ ਸੋਚ ਦਾ ਪ੍ਰਗਟਾਵਾ ਪ੍ਰੈੱਸ ਕਾਨਫ਼ਰੰਸ ਵਿੱਚ ਵੀ ਕਰ ਚੁੱਕੇ ਹਨ ਤੇ ਬਾਦਲਾਂ ਦੀਆਂ ਵੱਕਾਰੀ ਰੈਲੀਆਂ ਤੋਂ ਵੀ ਦੂਰ ਰਹਿ ਚੁੱਕੇ ਹਨ। ਤਿੰਨੇ ਇੱਕਸੁਰ ਹਨ ਤੇ ਕਿਸੇ ਇੱਕ ਦੀ ਆਵਾਜ਼ ਤਿੰਨਾਂ ਦਾ ਫੈਸਲਾ ਦਰਸਾਉਂਦੀ ਹੈ। ਜੇਕਰ ਇਹ ਤਿੰਨੇ ਅਕਾਲੀ ਲੀਡਰ ਬਰਗਾੜੀ ਮੋਰਚੇ ਵਿੱਚ ਸ਼ਾਮਲ ਹੋ ਗਏ ਤਾਂ ਯਕੀਨੀ ਤੌਰ 'ਤੇ ਬਾਦਲਾਂ ਦੀ ਪ੍ਰਭੂਸੱਤਾ ਨੂੰ ਬਹੁਤ ਡੂੰਘੀ ਸੱਟ ਵੱਜੇਗੀ।