ਚੰਡੀਗੜ੍ਹ: ਸ਼ੁੱਧ ਖਾਣ-ਪੀਣ ਦੇ ਸ਼ੌਕੀਨ ਪੰਜਾਬੀ ਵੀ ਹੁਣ 'ਜ਼ਹਿਰ' ਖਾਣ ਲਈ ਮਜਬੂਰ ਹਨ। ਇਸ ਗੱਲ਼ ਦੀ ਪੁਸ਼ਟੀ ਇਸ ਤੋਂ ਹੁੰਦੀ ਹੈ ਕਿ ਸਿਹਤ ਵਿਭਾਗ ਵੱਲੋਂ ਖਾਧ ਪਦਾਰਥਾਂ ਦੇ ਲਏ ਗਏ ਅੱਧੇ ਨਮੂਨੇ ਫੇਲ੍ਹ ਹੋ ਗਏ ਹਨ। ਹੈਰਾਨੀਜਨਕ ਗੱਲ਼ ਹੈ ਕਿ ਇਨ੍ਹਾਂ ਨਮੂਨਿਆਂ ਵਿੱਚ ਜ਼ਿਆਦਾਤਰ ਦੁੱਧ ਤੇ ਇਸ ਤੋਂ ਤਿਆਰ ਪਦਾਰਥਾਂ ਦੇ ਹਨ। ਪੰਜਾਬੀਆਂ ਦੇ ਖਾਣ-ਪੀਣ ਵਿੱਚ ਦੁੱਧ ਅਹਿਮ ਪਦਾਰਥ ਹੈ। ਇਸ ਲਈ ਦੁੱਧ ਜ਼ਰੀਏ ਹੀ ਉਹ 'ਜ਼ਹਿਰ' ਪੀ ਰਹੇ ਹਨ।   ਸਿਹਤ ਵਿਭਾਗ ਤੋਂ ਹਾਸਲ ਜਾਣਕਾਰੀ ਮੁਤਾਬਕ ਖਾਧ ਪਦਾਰਥਾਂ ਦੀ ਜਾਂਚ ਦੀ ਮੁਹਿੰਮ ਦੌਰਾਨ ਸੂਬੇ ’ਚੋਂ ਲਏ ਗਏ ਕਰੀਬ ਅੱਧੇ ਸੈਂਪਲ ਫ਼ੇਲ੍ਹ ਹੋ ਗਏ ਹਨ। ਅਗਸਤ ਮਹੀਨੇ ਖਾਧ ਪਦਾਰਥਾਂ ਦੇ ਪੰਜਾਬ ਭਰ ਤੋਂ ਲਏ ਗਏ ਸੈਂਪਲਾਂ ਦੀਆਂ ਆਈਆਂ ਰਿਪੋਰਟਾਂ ਮੁਤਾਬਕ 1429 ਵਿੱਚੋਂ 666 (46.6 ਫੀਸਦੀ) ਸੈਂਪਲ ਫੇਲ੍ਹ ਹੋ ਗਏ ਹਨ। ਪੰਜਾਬ ਸਰਕਾਰ ਨੇ ‘ਮਿਸ਼ਨ ਪੰਜਾਬ ਤੰਦਰੁਸਤ’ ਦੌਰਾਨ ਖਾਧ ਪਦਾਰਥਾਂ ਦੀ ਜਾਂਚ ਵਿੱਢੀ ਹੋਈ ਹੈ। ਇਸ ਦੌਰਾਨ ਅਗਸਤ ਮਹੀਨੇ ਪਟਿਆਲਾ ਦੇ ਦੇਵੀਗੜ੍ਹ ਵਿੱਚੋਂ ਪੁਲਿਸ ਤੇ ਸਿਹਤ ਵਿਭਾਗ ਵੱਲੋਂ ‘ਨਕਲੀ ਖਾਧ ਪਦਾਰਥਾਂ’ ਦਾ ਵੱਡਾ ਜ਼ਖ਼ੀਰਾ ਫੜਿਆ ਸੀ। ਇਸ ਮਗਰੋਂ ਸਿਹਤ ਵਿਭਾਗ ਦੇ ਹੋਸ਼ ਉੱਡ ਗਏ ਸੀ। ਪੰਜਾਬ ਸਰਕਾਰ ਦੇ ਹੁਕਮਾਂ 'ਤੇ ਸਿਹਤ ਵਿਭਾਗ ਕੁਝ ਦੇਰ ਚੌਕਸ ਹੋਇਆ ਪਰ ਫਿਰ ਮੱਠਾ ਹੈ ਗਿਆ। ਅਗਸਤ ’ਚ 12 ਜ਼ਿਲ੍ਹਿਆਂ ਵਿੱਚ ਸੈਂਪਲ ਭਰਨ ਦਾ ਟੀਚਾ ਵੀ ਪੂਰਾ ਨਹੀਂ ਹੋਇਆ। 32 ਫੀਸਦੀ ਸੈਂਪਲ ਭਰਨ ਵਾਲ਼ਾ ਗੁਰਦਾਸਪੁਰ ਫਾਡੀ ਰਿਹਾ। ਪਟਿਆਲਾ ਨੇ ਟੀਚੇ ਦੇ ਸੌ ਵਿੱਚੋਂ 47 ਫੀਸਦੀ ਤੇ ਤਰਨ ਤਾਰਨ ਨੇ 60 ਫੀਸਦੀ ਹੀ ਸੈਂਪਲ ਲਏ। ਸੈਂਪਲ ਲੈਣ ਦਾ ਟੀਚਾ ਪੂਰਾ ਕਰਨ ਵਾਲ਼ੇ ਜ਼ਿਲ੍ਹਿਆਂ ਵਿੱਚ ਸੰਗਰੂਰ, ਬਰਨਾਲ਼ਾ, ਮਾਨਸਾ, ਮੁਕਤਸਰ, ਫਿਰੋਜ਼ਪੁਰ, ਨਵਾਂ ਸ਼ਹਿਰ, ਰੋਪੜ, ਫਾਜ਼ਿਲਕਾ, ਕਪੂਰਥਲਾ ਤੇ ਪਠਾਨਕੋਟ ਸ਼ਾਮਲ ਹਨ। ਉਂਜ 22 ਵਿੱਚੋਂ 16 ਜ਼ਿਲ੍ਹਿਆਂ ’ਚ 40 ਫੀਸਦੀ ਤੋਂ ਵੱਧ ਸੈਂਪਲ ਫੇਲ੍ਹ ਹਨ। ਸਭ ਤੋਂ ਵੱਧ, 65 ਫੀਸਦੀ ਸੈਂਪਲ ਨਵਾਂ ਸ਼ਹਿਰ ਵਿਚ ਫੇਲ੍ਹ ਹੋਏ ਹਨ। ਅੰਮ੍ਰਿਤਸਰ ਤੇ ਪਟਿਆਲਾ ਵਿਚ 59 ਫੀਸਦੀ, ਕਪੂਰਥਲਾ ’ਚ 56 ਫੀਸਦੀ, ਸੰਗਰੂਰ ਵਿਚ 55, ਤਰਨ ਤਾਰਨ ’ਚ 53, ਮੁਕਤਸਰ ਵਿੱਚ 52, ਜਲੰਧਰ ’ਚ 50, ਮੁਹਾਲ਼ੀ ’ਚ 47 ਫੀਸਦੀ ਤੇ ਲੁਧਿਆਣਾ ਤੇ ਮੋਗਾ ਵਿੱਚ 46 ਫੀਸਦੀ ਫੇਲ੍ਹ ਰਹੇ। ਫਤਿਹਗੜ੍ਹ ਸਾਹਿਬ ਵਿਚ 45, ਫਾਜਿਲਕਾ ਤੇ ਹੁਸ਼ਿਆਰਪੁਰ ’ਚ 44 ਫੀਸਦੀ, ਫਿਰੋਜ਼ਪੁਰ ’ਚ 41 , ਬਰਨਾਲ਼ਾ ’ਚ 38, ਫਰੀਦਕੋਟ ’ਚ 35, ਮਾਨਸਾ ’ਚ 30, ਪਠਾਨਕੋਟ ’ਚ 27, ਬਠਿੰਡਾ ਵਿਚ 28 ਤੇ ਗੁਰਦਾਸਪੁਰ ਵਿੱਚ 16 ਫੀਸਦੀ ਸੈਂਪਲ ਫੇਲ੍ਹ ਹੋਏ ਹਨ।