ਨਵੀਂ ਦਿੱਲੀ: ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ 11 ਦਿਨਾਂ ਦੇ ਵਾਧੇ ਬਾਅਦ ਅੱਜ ਆਮ ਲੋਕਾਂ ਨੂੰ ਥੋੜ੍ਹੀ ਰਾਹਤ ਮਿਲੀ ਹੈ। ਪੈਟਰੋਲ ਦੀਆਂ ਕੀਮਤਾਂ ਵਿੱਚ ਅੱਜ 21 ਪੈਸੇ ਤੇ ਡੀਜ਼ਲ ਦੀ ਕੀਮਤ ਵਿੱਚ 11 ਪੈਸੇ ਦੀ ਕਟੌਤੀ ਕੀਤੀ ਗਈ ਹੈ। ਇਸਤੋਂ ਬਾਅਦ ਕੌਮੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਦੀ ਕੀਮਤ 82.62 ਤੇ ਡੀਜ਼ਲ ਦੀ 75.58 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਮੁੰਬਈ ਵਿੱਚ ਕਟੌਤੀ ਦੇ ਬਾਅਦ ਪੈਟਰੋਲ 88.08 ਤੇ ਡੀਜ਼ਲ 79.74 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਪੰਜਾਬ ਦੀ ਗੱਲ ਕੀਤੀ ਜਾਏ ਤਾਂ ਅੰਮ੍ਰਿਤਸਰ ਵਿੱਚ ਪੈਟਰੋਲ ਦੀ ਕੀਮਤ ਵਿੱਚ 20 ਪੈਸੇ ਦੀ ਕਟੋਤੀ ਕੀਤੀ ਗਈ। ਅੱਜ ਪੈਟਰੋਲ ਦੀ ਕੀਮਤ 88.55 ਰੁਪਏ ਪ੍ਰਤੀ ਲਿਟਰ ਹੈ ਜਦਕਿ ਕੱਲ੍ਹ ਇਹ 88.75 ਸੀ। ਪਰ ਇਸਦੇ ਉਲਟ ਪਠਾਨਕੋਟ, ਜਿੱਥੇ ਤੇਲ ਸਭਤੋਂ ਮਹਿੰਗਾ ਮਿਲਦਾ ਹੈ, ਕਟੌਤੀ ਦੀ ਬਜਾਏ ਕੀਮਤਾਂ ਵਿੱਚ 40 ਪੈਸੇ ਦਾ ਹੋਰ ਵਾਧਾ ਹੋਇਆ। ਇੱਥੇ ਕੱਲ੍ਹ ਪੈਟਰੋਲ ਦੀ ਕੀਮਤ 88.83 ਰੁਪਏ ਪ੍ਰਤੀ ਲੀਟਰ ਸੀ ਜਦਕਿ ਅੱਜ 89.23 ਰੁਪਏ ਪ੍ਰਤੀ ਲੀਟਰ ਹੈ। ਬੀਤੇ ਦਿਨੀਂ ਕੈਪਟਨ ਸਰਕਾਰ ਨੇ ਕਿਹਾ ਸੀ ਕਿ ਤੇਲ ਦੀਆਂ ਕੀਮਤਾਂ ਵਿੱਚ ਕਟੌਤੀ ਨਹੀਂ ਕੀਤੀ ਜਾ ਸਕਦੀ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਮੋਦੀ ਸਰਕਾਰ ਨੂੰ ਲਗਾਤਾਰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹਾਲਾਂਕਿ 4 ਅਕਤੂਬਰ ਨੂੰ ਸਰਕਾਰ ਨੇ ਕੁਝ ਰਾਹਤ ਦਿੱਤੀ ਸੀ ਪਰ ਲਗਾਤਾਰ 11 ਦਿਨਾਂ ਦੌਰਾਨ ਕੀਮਤਾਂ ਵਿੱਚ ਵਾਧੇ ਕਾਰਨ ਇਹ ਰਾਹਤ ਬੇਅਸਰ ਰਹੀ।