ਅੰਮ੍ਰਿਤਸਰ: ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਧੋਖੇਬਾਜ਼ ਤੇ ਉਨ੍ਹਾਂ ਦੀ ਪਾਰਟੀ ਨੂੰ 'ਆਪ' ਦੀ ਥਾਂ 'ਪਾਪ' ਪਾਰਟੀ ਕਰਾਰ ਦਿੱਤਾ ਹੈ। ਮਜੀਠੀਆ ਅੱਜ ਅੰਮ੍ਰਿਤਸਰ ਅਦਾਲਤ ਵਿੱਚ ਕੇਜਰੀਵਾਲ ਖਿਲਾਫ ਕੀਤੇ ਮਾਣਹਾਨੀ ਦੇ ਕੇਸ ਦੀ ਸੁਣਵਾਈ ਲਈ ਪੁੱਜੇ ਸਨ। ਮਜੀਠੀਆ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਉਹ ਕਾਨੂੰਨੀ ਲੜਾਈ ਲੜ ਕੇ ਕੇਜਰੀਵਾਲ ਨੂੰ ਜੇਲ੍ਹ ਵਿੱਚ ਪਹੁੰਚਾ ਕੇ ਹੀ ਸਾਹ ਲੈਣਗੇ।
ਮਜੀਠੀਆ ਨੇ ਆਖਿਆ ਕਿ ਅਰਵਿੰਦ ਕੇਜਰੀਵਾਲ ਭਾਵੇਂ ਜੋ ਮਰਜ਼ੀ ਸੋਚੇ ਪਰ ਉਹ ਦਿਨ ਦੂਰ ਨਹੀਂ ਜਦ ਕੇਜਰੀਵਾਲ ਅੰਮ੍ਰਿਤਸਰ ਅਦਾਲਤ ਵਿੱਚ ਆਉਣਗੇ ਤਾਂ ਆਪਣੀ ਸਰਕਾਰੀ ਗੱਡੀ ਵਿੱਚ ਪਰ ਇੱਥੋਂ ਸਿੱਧਾ ਜੇਲ੍ਹ ਦੀ ਗੱਡੀ ਵਿੱਚ ਬੈਠ ਕੇ ਅੰਮ੍ਰਿਸਤਾਰ ਦੀ ਕੇਂਦਰੀ ਜੇਲ੍ਹ ਜਾਣਗੇ। ਉਨ੍ਹਾਂ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਘੁੱਗੀ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਮੁਕਾਬਲੇ ਭਾਵੇਂ ਘੁੱਗੀ ਛੱਡ ਕੇ ਕਬੂਤਰ ਨੂੰ ਵੀ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਜਾਵੇ ਉਨ੍ਹਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ।
ਐਸ.ਵਾਈ.ਐਲ ਦੇ ਮੁੱਦੇ 'ਤੇ ਆਮ ਆਦਮੀ ਪਾਰਟੀ ਦੇ ਸਟੈਂਡ ਬਾਰੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬੀਆਂ ਨੂੰ ਮੂਰਖ ਨਹੀਂ ਬਣਾ ਸਕਦੀ। ਇਸ ਦੀ ਮਿਸਾਲ ਆਮ ਆਦਮੀ ਪਾਰਟੀ ਦੇ ਕਪੂਰੀ ਧਰਨੇ ਤੋਂ ਵੀ ਮਿਲ ਚੁੱਕੀ ਹੈ। ਅਰਵਿੰਦ ਕੇਜਰੀਵਾਲ ਵੱਲੋਂ ਆਪਣੇ ਵੱਖ-ਵੱਖ ਬਿਆਨ ਤੋਂ ਵੀ ਇਹ ਸਾਫ ਹੋ ਚੁੱਕਾ ਹੈ ਕੇ ਉਸ ਦਾ ਦਿਲ ਹਰਿਆਣਵੀ ਹੈ ਤੇ ਉਸ ਦੀ ਰੂਹ ਦਿੱਲੀ ਨਾਲ ਜੁੜੀ ਹੈ।