ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਦੋ ਵਿਧਾਨ ਸਭਾ ਹਲਕਿਆਂ ਮਜੀਠਾ ਤੇ ਅੰਮ੍ਰਿਤਸਰ ਪੂਰਬੀ ਤੋਂ ਨਾਮਜਦਗੀ ਪੱਤਰ ਦਾਖਲ ਕੀਤੇ। ਮਜੀਠੀਆ ਨੇ ਅੱਜ ਪਹਿਲਾਂ ਆਪਣੀ ਰਵਾਇਤੀ ਸੀਟ ਮਜੀਠਾ ਤੋਂ ਚੌਥੀ ਵਾਰ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਿੱਥੋਂ ਮਜੀਠੀਆ ਤਿੰਨ ਵਾਰ ਵਿਧਾਇਕ ਚੁਣੇ ਜਾ ਚੁੱਕੇ ਹਨ।


ਇਸ ਤੋਂ ਬਾਅਦ ਕਰੀਬ ਇੱਕ ਵਜੇ ਅਕਾਲੀ ਨੇਤਾ ਨੇ ਅੰਮ੍ਰਿਤਸਰ ਪੂਰਬੀ ਹਲਕੇ 'ਚੋਂ ਨਾਮਜਦਗੀ ਕਾਗਜ ਦਾਖਲ ਕੀਤੇ। ਮਜੀਠੀਆ ਨੇ ਨਾਮਜਦਗੀ ਕਾਗਜ ਭਰਦੇ ਸਾਰ ਹੀ ਨਵਜੋਤ ਸਿੱਧੂ 'ਤੇ ਸਿੱਧੇ ਹਮਲੇ ਕੀਤੇ ਤੇ ਕਿਹਾ, ਹੁਣ ਸਿੱਧੂ ਨੂੰ ਭੱਜਦਿਆਂ ਰਾਹ ਨਹੀਂ ਲੱਭੇਗਾ ਕਿਉਂਕਿ ਮਜੀਠਾ ਹਲਕੇ ਦੇ ਸੀਟ ਤਾਂ ਉਹ ਸ਼ਾਨ ਨਾਲ ਚੌਥੀ ਵਾਰ ਜਿੱਤਣਗੇ ਤੇ ਨਾਲ ਹੀ ਅੰਮ੍ਰਿਤਸਰ ਪੂਰਬੀ ਹਲਕੇ 'ਚੋਂ ਸਿੱਧੂ ਦੀ ਜਮਾਨਤ ਰੱਦ ਕਰਵਾਉਣਗੇ। 




 


ਮਜੀਠੀਆ ਨੇ ਕਿਹਾ ਅਮ੍ਰਿਤਸਰ ਪੂਰਬੀ ਹਲਕੇ ਦੇ ਹਾਲ ਦੇਖ ਕੇ ਹੀ ਪਤਾ ਲੱਗਦਾ ਹੈ ਕਿ ਇਸ ਹਲਕੇ ਦਾ ਵਿਕਾਸ ਨਹੀਂ ਹੋਇਆ ਤੇ ਨਵਜੋਤ ਸਿੱਧੂ ਕਿਸੇ ਨੂੰ ਮਿਲੇ ਹੀ ਨਹੀਂ ਤੇ ਇਸੇ ਕਰਕੇ ਪੂਰਬੀ ਹਲਕੇ ਦੀ ਜਨਤਾ ਸਿੱਧੂ ਜੋੜੇ ਤੋਂ ਤੰਗ ਹੈ। ਮਜੀਠੀਆ ਨੇ ਸਿੱਧੂ ਬਾਰੇ ਕਿਹਾ ਕਿ ਸਿੱਧੂ ਤੋਂ ਕੋਈ ਵੀ ਖੁਸ਼ ਨਹੀਂ, ਭਾਵੇਂ ਉਸ ਦਾ ਪਰਿਵਾਰ ਹੋਵੇ, ਕਾਂਗਰਸੀ ਵਰਕਰ/ਆਗੂ ਹੋਣ ਜਾਂ ਹਲਕੇ ਦੇ ਲੋਕ ਹੋਣ।


ਦੱਸ ਦਈਏ ਕਿ ਪੰਜਾਬ ਦੀ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਸੀਟ ਸੂਬੇ ਦੀ ਸਭ ਤੋਂ ਚਰਚਿਤ ਸੀਟ ਬਣ ਚੁੱਕੀ ਹੈ ਕਿਉਂਕਿ ਸੂਬੇ ਦੇ ਦੋ ਦਿੱਗਜ ਆਗੂ ਇਸ ਸੀਟ 'ਤੇ ਆਹਮੋ-ਸਾਹਮਣੇ ਹਨ। ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੂੰ ਚੁਣੌਤੀ ਦੇਣ ਲਈ ਅਕਾਲੀ ਦਲ ਨੇ ਬਿਕਰਮ ਮਜੀਠੀਆ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਹੈ। ਇਹ ਚੋਣ ਲੜਾਈ ਇਨ੍ਹਾਂ ਦੋਵਾਂ ਆਗੂਆਂ ਲਈ ਕਈ ਮਾਇਨਿਆਂ ਤੋਂ ਅਹਿਮ ਹੋਣ ਵਾਲੀ ਹੈ। ਸਿੱਧੂ ਜਾਂ ਮਜੀਠੀਆ, ਜੋ ਵੀ ਚੋਣ ਹਾਰਦਾ ਹੈ, ਉਸ ਦੀ ਇਹ ਪਹਿਲੀ ਸਿਆਸੀ ਹਾਰ ਹੋਵੇਗੀ ਕਿਓਂਕਿ ਇੱਕ ਦਾ ਹਾਰਨਾ ਤਾਂ ਤੈਅ ਹੈ।