Punjab Assembly Election 2022: ਪੰਜਾਬ 'ਚ ਕਾਂਗਰਸ ਆਪਣੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰੇਗੀ। ਕਾਂਗਰਸ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸਾਹਮਣੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੇ ਆਪਣੀ ਦਾਅਵੇਦਾਰੀ ਜਤਾਈ ਹੈ। ਹੁਣ ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਵਿੱਚੋਂ ਇੱਕ ਨੂੰ ਚੁਣਨਾ ਰਾਹੁਲ ਗਾਂਧੀ ਲਈ ਵੱਡੀ ਪ੍ਰੀਖਿਆ ਹੋਏਗੀ।

ਪੰਜਾਬ 'ਚ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਕੌਣ?
ਪੰਜਾਬ 'ਚ ਆਪਸੀ ਕਲੇਸ਼ ਕਾਰਨ ਕੈਪਟਨ ਅਮਰਿੰਦਰ ਸਿੰਘ ਨੂੰ ਗੁਆ ਚੁੱਕੀ ਕਾਂਗਰਸ ਮੁੜ ਸੰਕਟ 'ਚ ਹੈ। ਇਸ ਵਾਰ ਉਨ੍ਹਾਂ ਨੂੰ ਨਵਜੋਤ ਸਿੱਧੂ ਤੇ ਸੀਐਮ ਚੰਨੀ ਵਿੱਚੋਂ ਕਿਸੇ ਇੱਕ ਦੀ ਚੋਣ ਕਰਨੀ ਹੈ, ਪਰ ਦੋਵਾਂ ਵਿਚਾਲੇ ਲੜਾਈ ਕਿੰਨੀ ਤਿੱਖੀ ਹੈ, ਇਸ ਦੀ ਝਲਕ ਰਾਹੁਲ ਗਾਂਧੀ ਦੀ ਜਲੰਧਰ 'ਚ ਹੋਈ ਫ਼ਤਿਹ ਰੈਲੀ 'ਚ ਦੇਖਣ ਨੂੰ ਮਿਲੀ। ਸਿੱਧੂ ਨੇ ਇੱਥੇ ਇੱਕ ਖੁੱਲ੍ਹੇ ਮੰਚ ਤੋਂ ਰਾਹੁਲ ਸਾਹਮਣੇ ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਦੀ ਮੰਗ ਰੱਖੀ। ਇਸ ਦੇ ਨਾਲ ਹੀ ਇਸ ਅਹੁਦੇ 'ਤੇ ਆਪਣਾ ਦਾਅਵਾ ਵੀ ਠੋਕ ਦਿੱਤਾ।

ਰੈਲੀ 'ਚ ਸਿੱਧੂ ਨੇ ਕੀ ਕਿਹਾ?
ਸਿੱਧੂ ਨੇ ਆਪਣੇ ਭਾਸ਼ਣ 'ਚ ਕਿਹਾ, "ਪੰਜਾਬ ਜਾਣਨਾ ਚਾਹੁੰਦਾ ਹੈ ਕਿ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ? ਜੇਕਰ ਜਵਾਬ ਮਿਲ ਗਿਆ ਤਾਂ ਪੰਜਾਬ 'ਚ 70 ਸੀਟਾਂ ਨਾਲ ਕਾਂਗਰਸ ਦੀ ਸਰਕਾਰ ਬਣੇਗੀ।'' ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਦਰਸ਼ਨੀ ਘੋੜਾ ਨਾ ਬਣਾ ਦਿਓ। ਮੈਨੂੰ ਫ਼ੈਸਲੇ ਲੈਣ ਦੀ ਤਾਕਤ ਦਿਓ।

ਸਿੱਧੂ ਦੇ ਇਸ ਦਾਅਵੇ ਨੂੰ ਸਟੇਜ 'ਤੇ ਹੀ ਚੁਣੌਤੀ ਦਿੱਤੀ ਗਈ ਸੀ। ਸੀਐਮ ਚੰਨੀ ਨੇ ਕਿਹਾ, "ਮੈਨੂੰ 111 ਦਿਨ ਮਿਲੇ ਹਨ। ਨਾ ਮੈਂ ਸੁੱਤਾ, ਨਾ ਕਿਸੇ ਨੂੰ ਸੌਣ ਦਿੱਤਾ। ਜੇਕਰ ਪਾਰਟੀ ਨੂੰ ਉਨ੍ਹਾਂ ਦਾ ਕੰਮ ਪਸੰਦ ਹੈ ਤਾਂ ਮੈਨੂੰ ਵੀ ਪੂਰੇ 5 ਸਾਲ ਦਾ ਸਮਾਂ ਦਿਓ।'' ਚੰਨੀ ਇੱਥੇ ਹੀ ਨਹੀਂ ਰੁਕੇ ਤੇ ਸ਼ਿਕਾਇਤ ਦੇ ਰੂਪ 'ਚ ਨਵਜੋਤ ਸਿੱਧੂ ਨੂੰ ਕਿਹਾ ਕਿ ਉਹ ਬਾਹਰਲੇ ਲੋਕਾਂ ਨੂੰ ਸਵਾਲ ਕਰਨ ਦਾ ਮੌਕਾ ਨਾ ਦੇਣ। ਮੈਂ ਕਿਸੇ ਵੀ ਅਹੁਦੇ ਲਈ ਆਪਣੀ ਪਾਰਟੀ ਤੇ ਪੰਜਾਬ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ।

ਰਾਹੁਲ ਗਾਂਧੀ ਨੇ ਵਿਚਕਾਰਲਾ ਰਸਤਾ ਕੱਢਿਆ
ਸਟੇਜ 'ਤੇ ਆਪਣੇ ਦੋਹਾਂ ਆਗੂਆਂ ਵਿਚਾਲੇ ਹੋਈ ਇਸ ਜ਼ੁਬਾਨੀ ਜੰਗ ਤੋਂ ਬਾਅਦ ਰਾਹੁਲ ਗਾਂਧੀ ਨੂੰ ਵੀ ਵਿਚਕਾਰਲਾ ਰਸਤਾ ਅਖ਼ਤਿਆਰ ਕਰਨਾ ਪਿਆ। ਰਾਹੁਲ ਨੇ ਕਿਹਾ, "ਸੀਐਮ ਚਿਹਰੇ ਦਾ ਐਲਾਨ ਕੀਤਾ ਜਾਵੇਗਾ ਪਰ ਵਰਕਰਾਂ ਨੂੰ ਪੁੱਛਣ ਤੋਂ ਬਾਅਦ। ਇਸ ਦੇ ਨਾਲ ਹੀ ਇਹ ਵੀ ਸਲਾਹ ਦਿੱਤੀ ਗਈ ਕਿ ਸਿੱਧੂ ਤੇ ਚੰਨੀ ਵਿੱਚੋਂ ਜੋ ਵੀ ਪਾਰਟੀ ਦੀ ਅਗਵਾਈ ਕਰੇਗਾ, ਉਸ ਦੀ ਪੂਰੀ ਮਦਦ ਕਰਨੀ ਪਵੇਗੀ।"

ਰਾਹੁਲ ਦੇ ਇਸ ਐਲਾਨ ਨਾਲ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਵੀ ਆਮ ਆਦਮੀ ਪਾਰਟੀ ਵਾਂਗ ਪੰਜਾਬ ਦੇ ਲੋਕਾਂ ਵਿੱਚ ਮੁੱਖ ਮੰਤਰੀ ਦੇ ਚਿਹਰੇ ਦੀ ਚੋਣ ਲਈ ਰਾਇਸ਼ੁਮਾਰੀ ਕਰਵਾਏਗੀ। ਉਂਝ ਏਬੀਪੀ ਨਿਊਜ਼ ਤੇ ਸੀ-ਵੋਟਰ ਨੇ ਸਿੱਧੂ ਤੇ ਚੰਨੀ ਨੂੰ ਲੈ ਕੇ ਇੱਕ ਸਰਵੇ ਵੀ ਕੀਤਾ ਹੈ। ਏਬੀਪੀ ਨਿਊਜ਼ ਨੇ ਪੰਜਾਬ ਦੇ ਵੋਟਰਾਂ ਤੋਂ ਪੁੱਛਿਆ ਸੀ ਕਿ ਕਾਂਗਰਸ ਕਿਸ ਦੇ ਚਿਹਰੇ 'ਤੇ ਚੋਣ ਲੜੇ? ਦੇ ਜਵਾਬ 'ਚ -

40% ਲੋਕਾਂ ਨੇ ਕਿਹਾ ਚਰਨਜੀਤ ਸਿੰਘ ਚੰਨੀ ਦੇ ਚਿਹਰੇ 'ਤੇ
21% ਲੋਕ ਸਿੱਧੂ ਨਾਲ ਨਜ਼ਰ ਆਏ।
27% ਵੋਟਰ ਅਜਿਹੇ ਵੀ ਸਨ ਜੋ ਦੋਵਾਂ ਨੂੰ ਮੁੱਖ ਮੰਤਰੀ ਉਮੀਦਵਾਰ ਬਣਾਉਣ ਦੇ ਹੱਕ 'ਚ ਨਹੀਂ ਸਨ।
ਜਦਕਿ 12% ਨੇ ਕੋਈ ਰਾਇ ਨਹੀਂ ਜ਼ਾਹਰ ਕੀਤੀ।

ਦੱਸ ਦੇਈਏ ਕਿ ਸਿੱਧੂ ਤੇ ਕੈਪਟਨ ਦੇ ਝਗੜੇ ਤੋਂ ਬਾਅਦ ਕਾਂਗਰਸ ਨੇ ਦਲਿਤ ਚਿਹਰੇ ਨੂੰ ਸੀਐਮ ਬਣਾ ਕੇ ਪੰਜਾਬ 'ਚ ਨਵੀਂ ਰਾਜਨੀਤੀ ਦਾ ਐਲਾਨ ਕੀਤਾ ਸੀ ਪਰ ਹੁਣ ਇਕ ਵਾਰ ਫਿਰ ਸਿੱਧੂ ਦੇ ਇਸ ਦਾਅਵੇ ਨੇ ਕਾਂਗਰਸ ਨੂੰ ਮੁਸੀਬਤ 'ਚ ਪਾ ਦਿੱਤਾ ਹੈ ਤੇ ਵਿਰੋਧੀ ਧਿਰ ਵੀ ਇਸ ਨੂੰ ਭੁਣਾ ਰਹੀ ਹੈ।




ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904