ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਕਾਂਗਰਸ ਨੇ ਆਪਣੇ ਕਈ ਵਿਧਾਇਕਾਂ ਤੇ ਸੀਨੀਅਰ ਲੀਡਰਾਂ ਦੀਆਂ ਟਿਕਟਾਂ ਉੱਪਰ ਕੁਹਾੜਾ ਚਲਾਇਆ ਹੈ। ਦੋ ਸੂਚੀਆਂ ਵਿੱਚ ਕਈ ਸੀਨੀਅਰ ਲੀਡਰਾਂ ਤੋਂ ਟਿਕਟ ਖੁੱਸ ਗਈ ਹੈ। ਹੁਣ ਤੀਜੀ ਸੂਚੀ ਵਿੱਚ ਵੀ ਕਈ ਵਿਧਾਇਕਾਂ ਨੂੰ ਝਟਕਾ ਲੱਗਣ ਦੇ ਆਸਾਰ ਹਨ। ਕਾਂਗਰਸ ਦੀ ਪਹਿਲੀ ਸੂਚੀ ਵਿੱਚ ਪੰਜ ਵਿਧਾਇਕਾਂ ਦੀ ਟਿਕਟ ਕੱਟੀ ਗਈ ਸੀ। ਦੂਜੀ ਸੂਚੀ ਵਿੱਚ ਵੀ ਚਾਰ ਵਿਧਾਇਕਾਂ ਨੂੰ ਟਿਕਟਾਂ ਨਹੀਂ ਮਿਲੀਆਂ। ਹੁਣ ਮੰਨਿਆ ਜਾ ਰਿਹਾ ਹੈ ਕਿ ਤੀਜੀ ਸੂਚੀ ਵਿੱਚ ਵੀ ਕਈ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਜਾ ਸਕਦੀਆਂ ਹਨ। ਪਾਰਟੀ ਸੂਤਰਾਂ ਮੁਤਾਬਕ ਖੇਮਕਰਨ ਤੋਂ ਸੁਖਪਾਲ ਭੁੱਲਰ ਦੀ ਟਿਕਟ ਕੱਟੀ ਜਾ ਸਕਦੀ ਹੈ। ਇਸ ਤੋਂ ਇਲਾਵਾ ਨਵਾਂ ਸ਼ਹਿਰ ਤੋਂ ਅੰਗਦ ਸਿੰਘ ਦੀ ਟਿਕਟ ਵੀ ਕੱਟੀ ਜਾ ਸਕਦੀ ਹੈ।
ਉਧਰ, ਪਾਰਟੀ ਅੰਦਰ ਬਗਾਵਤੀ ਸੁਰ ਉੱਠਣੇ ਸ਼ੁਰੂ ਹੋ ਗਏ ਹਨ ਤੇ ਟਿਕਟਾਂ ਨਾਲ ਮਿਲਣ ਕਾਰਨ ਵਿਧਾਇਕਾਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਪਹੁੰਚ ਗਿਆ ਹੈ। ਜਿਨ੍ਹਾਂ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਸੀ, ਉਨ੍ਹਾਂ ਵਿੱਚੋਂ ਇੱਕ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਤੋਂ ਟਿਕਟ ਲੈਣ ਵਿੱਚ ਸਫ਼ਲ ਰਿਹਾ ਹੈ। ਤੀਜੀ ਸੂਚੀ ਵਿੱਚ ਹੋਰ ਵਿਧਾਇਕਾਂ ਦੇ ਪਤੇ ਸਾਫ਼ ਹੋਣ ਦੀ ਸੰਭਾਵਨਾ ਹੈ।
ਦੱਸ ਦਈਏ ਮੁੱਖ ਮੰਤਰੀ ਚੰਨੀ ਨੇ ਸੋਮਵਾਰ ਦੇਰ ਸ਼ਾਮ ਕਾਂਗਰਸ ਦੀ ਚੋਣ ਕਮੇਟੀ ਦੀ ਵਰਚੁਅਲ ਮੀਟਿੰਗ ਤੋਂ ਆਪਣੇ ਆਪ ਨੂੰ ਦੂਰ ਰੱਖਿਆ, ਜਿਸ ਨੇ ਸਪੱਸ਼ਟ ਕੀਤਾ ਕਿ ਉਹ ਪਾਰਟੀ ਉਮੀਦਵਾਰਾਂ ਦੀ ਦੂਜੀ ਸੂਚੀ ਨਾਲ ਸਹਿਮਤ ਨਹੀਂ। ਖਾਸ ਗੱਲ ਇਹ ਹੈ ਕਿ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਸੀਐਮ ਚੰਨੀ, ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਤੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਵਿਚਾਲੇ ਪਹਿਲਾਂ ਹੀ ਕੋਈ ਤਾਲਮੇਲ ਨਹੀਂ ਹੈ।
ਚੰਨੀ ਨੇ ਦੂਜੀ ਸੂਚੀ ਵਿੱਚ ਜਿਨ੍ਹਾਂ ਨਾਵਾਂ 'ਤੇ ਸਹਿਮਤੀ ਜਤਾਈ ਸੀ, ਉਨ੍ਹਾਂ ਨੂੰ ਜਾਖੜ ਨੇ ਸਹਿਮਤੀ ਨਹੀਂ ਦਿੱਤੀ। ਇਸ ਦੇ ਨਾਲ ਹੀ ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਨਵਜੋਤ ਸਿੱਧੂ ਨਵੇਂ ਚਿਹਰਿਆਂ ਨੂੰ ਮੌਕਾ ਦੇਣ ਲਈ ਹਾਈਕਮਾਂਡ 'ਤੇ ਦਬਾਅ ਬਣਾ ਰਹੇ ਹਨ। ਅਜਿਹੇ 'ਚ ਦੂਜੀ ਸੂਚੀ 'ਚ ਕਿਸ ਦੀ ਸਿਫਾਰਸ਼ 'ਤੇ ਉਮੀਦਵਾਰਾਂ ਦਾ ਫੈਸਲਾ ਕੀਤਾ ਗਿਆ, ਕੋਈ ਵੀ ਆਗੂ ਕੁਝ ਵੀ ਦੱਸਣ ਨੂੰ ਤਿਆਰ ਨਹੀਂ।
ਇਸ ਸੂਚੀ ਵਿੱਚ ਸੁਨਾਮ ਤੋਂ ਦਮਨ ਬਾਜਵਾ, ਸਾਹਨੇਵਾਲ ਤੋਂ ਸਤਵਿੰਦਰ ਬਿੱਟੀ, ਸਮਰਾਲਾ ਤੋਂ ਅਮਰੀਕ ਢਿੱਲੋਂ ਤੇ ਫ਼ਿਰੋਜ਼ਪੁਰ ਦੇਹਟ ਤੋਂ ਸਤਿਕਾਰ ਕੌਰ ਨੇ ਟਿਕਟ ਨਾ ਮਿਲਣ ਕਰਕੇ ਬਗਾਵਤੀ ਸੁਰ ਬੁਲੰਦ ਕੀਤੇ ਹਨ। ਉਧਰ ਦੂਜੀ ਸੂਚੀ 'ਚ ਕਈ ਨਵੇਂ ਚਿਹਰਿਆਂ ਨੂੰ ਮੌਕਾ ਦਿੱਤੇ ਜਾਣ 'ਤੇ ਵੀ ਵਿਵਾਦ ਸ਼ੁਰੂ ਹੋ ਗਿਆ ਹੈ। ਆਗੂਆਂ ਦਾ ਕਹਿਣਾ ਹੈ ਕਿ ਕਮਜ਼ੋਰ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ। ਇਸ ਦੇ ਮੱਦੇਨਜ਼ਰ ਹਾਈਕਮਾਂਡ ਨੇ ਹੁਣ ਬਾਕੀ ਉਮੀਦਵਾਰਾਂ ਦੇ ਐਲਾਨ ਤੋਂ ਪਹਿਲਾਂ ਸੂਚੀ ਨੂੰ ਅੰਤਿਮ ਰੂਪ ਦੇਣ ਦਾ ਕੰਮ ਕੇਸੀ ਵੇਣੂਗੋਪਾਲ, ਅੰਬਿਕਾ ਸੋਨੀ ਤੇ ਅਜੇ ਮਾਕਨ ਦੀ ਸਬ-ਕਮੇਟੀ 'ਤੇ ਛੱਡ ਦਿੱਤਾ ਹੈ। ਇਹ ਸਾਰੀ ਕਮੇਟੀ ਸੂਚੀ ਤਿਆਰ ਕਰਕੇ ਹਾਈਕਮਾਂਡ ਨੂੰ ਭੇਜੇਗੀ।
ਇਹ ਵੀ ਪੜ੍ਹੋ: Stock Market Updates: ਸ਼ੇਅਰ ਬਾਜ਼ਾਰ 'ਚ ਪਰਤੀ ਰੌਣਕ, ਕਈ ਦਿਨਾਂ ਦੀ ਗਿਰਾਵਟ ਮਗਰੋਂ ਗਰੀਨ ਸਿਗਨਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin