ਅੰਮ੍ਰਿਤਸਰ: ਜਨਰਲ ਜੇ ਜੇ ਸਿੰਘ ਵੱਲੋਂ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਨਾਂ ਵਾਪਸ ਲੈਣ 'ਤੇ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪੰਜਾਬ ਦੇ ਜਰਨੈਲ ਕਦੀ ਮੈਦਾਨ ਵਿੱਚੋਂ ਭੱਜੇ ਨਹੀਂ ਪਰ ਟਕਸਾਲੀਆਂ ਨੇ ਹਾਲਾਤ ਹੀ ਇਹੋ ਜਿਹੇ ਬਣਾ ਦਿੱਤੇ ਕਿ ਜਨਰਲ ਜੇਜੇ ਸਿੰਘ ਨੂੰ ਮੈਦਾਨ ਛੱਡ ਭੱਜਣਾ ਪਿਆ। ਉਨ੍ਹਾਂ ਦਾਅਵਾ ਕੀਤਾ ਕਿ ਟਕਸਾਲੀ ਆਗੂ ਕਾਂਗਰਸ ਦੇ ਕਹਿਣ 'ਤੇ ਉਮੀਦਵਾਰ ਖੜੇ ਕਰ ਰਹੇ ਹਨ ਤੇ ਕਾਂਗਰਸ ਹਾਈ ਕਮਾਨ ਦੇ ਕਹਿਣ 'ਤੇ ਹੀ ਟਕਸਾਲੀਆਂ ਨੇ ਆਪਣਾ ਉਮੀਦਵਾਰ ਵਾਪਿਸ ਲਿਆ ਹੈ।

ਸਾਬਕਾ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲਾ ਮੁੜ ਅਕਾਲੀ ਦਲ ਵਿੱਚ ਸ਼ਾਮਲ

ਦਰਅਸਲ ਮਜੀਠੀਆ ਅੰਮ੍ਰਿਤਸਰ ਪਹੁੰਚੇ ਹੋਏ ਹਨ। ਇਸ ਮੌਕੇ 2017 ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਗਏ ਸਾਬਕਾ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲਾ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਅਵਤਾਰ ਸਿੰਘ ਦੇ ਅਕਾਲੀ ਦਲ ਵਿੱਚ ਵਾਪਸ ਆਉਣ ਨਾਲ ਅੰਮ੍ਰਿਤਸਰ 'ਚ ਪਾਰਟੀ ਨੂੰ ਮਜ਼ਬੂਤੀ ਮਿਲੇਗੀ।

ਇਸ ਦੇ ਨਾਲ ਹੀ ਹਰਸਿਮਰਤ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਟਵਿੱਟਰ 'ਤੇ ਚੱਲ ਰਹੀ ਸ਼ਬਦੀ ਜੰਗ 'ਤੇ ਮਜੀਠੀਆ ਨੇ ਕਿਹਾ ਕਿ ਜੰਗ ਤਾਂ ਚੱਲਦੀ ਰਹਿੰਦੀ ਹੈ ਕਦੀ ਟਵਿਟਰ 'ਤੇ ਅਤੇ ਕਦੀ ਸੜਕਾਂ 'ਤੇ। ਨਵਜੋਤ ਕੌਰ ਸਿੱਧੂ ਵੱਲੋਂ ਹਰਸਿਮਰਤ ਨੂੰ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਲੜਨ ਦੀ ਚੁਣੌਤੀ ਦੇਣ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ 'ਤੇ ਕੁੱਝ ਨਹੀਂ ਕਹਿਣਾ ਚਾਹੁੰਦੇ ਪਰ ਪਹਿਲਾ ਉਹ ਰਾਹੁਲ ਗਾਂਧੀ ਨਾਲ ਨਿਬੇੜ ਲੈਣ ਕਿ ਉਨ੍ਹਾਂ ਨੂੰ ਟਿਕਟ ਕਿਉਂ ਨਹੀਂ ਮਿਲੀ।