Happy Passia Arrested: ਭਾਰਤ ਦੇ ਮੋਸਟ ਵਾਂਟਡ ਅੱਤਵਾਦੀ ਹੈਪੀ ਪਾਸੀਆ ਨੂੰ ਅਮਰੀਕਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਗ੍ਰਿਫਤਾਰੀ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ (ICE) ਵੱਲੋਂ ਕੀਤੀ ਗਈ ਹੈ। NIA ਨੇ ਹਰਪ੍ਰੀਤ ਸਿੰਘ ਉਰਫ਼ ਹੈਪੀ ਬਾਰੇ ਕੋਈ ਵੀ ਜਾਣਕਾਰੀ ਦੇਣ ਵਾਲੇ ਨੂੰ 5 ਲੱਖ ਰੁਪਏ ਦਾ ਇਨਾਮ ਦੇਣ ਦੀ ਘੋਸ਼ਣਾ ਕੀਤੀ ਸੀ। ਹੁਣ ਹੈਪੀ ਦੀ ਅਮਰੀਕਾ ਦੀ ਗ੍ਰਿਫ਼ਤਾਰੀ ਹੋਈ ਹੈ।

ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਲਿਖਇਆ, ਭਾਰਤੀ ਅਤੇ ਅਮਰੀਕੀ ਸੁਰੱਖਿਆ ਏਜੰਸੀਆਂ ਦੀ ਵੱਡੀ ਪ੍ਰਾਪਤੀ, ਜਿਨ੍ਹਾਂ ਨੇ ਖ਼ਤਰਨਾਕ ISI ਸਮਰਥਿਤ ਗੈਂਗਸਟਰ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਇਹ ਗੈਂਗਸਟਰ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਕਈ ਗ੍ਰਨੇਡ ਹਮਲਿਆਂ ਲਈ ਜ਼ਿੰਮੇਵਾਰ ਹੈ। ਉਸਦੀ ਗ੍ਰਿਫ਼ਤਾਰੀ ਨਾਲ ਸਰਹੱਦੀ ਜ਼ਿਲ੍ਹਿਆਂ ਅਤੇ ਪੰਜਾਬ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਖਤਮ ਕਰਨ ਵਿੱਚ ਮਦਦ ਮਿਲੇਗੀ। ਵਿਦੇਸ਼ਾਂ ਵਿੱਚ ਬੈਠੇ ਅਜਿਹੇ ਦੇਸ਼ ਵਿਰੋਧੀ ਤੱਤ ਪੰਜਾਬ ਵਿੱਚ ਹਿੰਸਾ ਫੈਲਾ ਰਹੇ ਹਨ ਤੇ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਕਾਮਯਾਬ ਨਹੀਂ ਹੋਣਗੀਆਂ ਕਿਉਂਕਿ ਪੰਜਾਬੀ ਅਜਿਹੀਆਂ ਸਾਜ਼ਿਸ਼ਾਂ ਨੂੰ ਸਮਝਦੇ ਹਨ ਤੇ ਉਨ੍ਹਾਂ ਨੂੰ ਆਪਣੇ ਨਾਪਾਕ ਯਤਨਾਂ ਵਿੱਚ ਸਫਲ ਨਹੀਂ ਹੋਣ ਦੇਣਗੇ।

ਦਰਅਸਲ, ਪੰਜਾਬ ਵਿੱਚ ਪਿਛਲੇ ਕੁਝ ਮਹੀਨਿਆਂ ਵਿੱਚ ਹੋਈਆਂ 14 ਤੋਂ ਵੱਧ ਅੱਤਵਾਦੀ ਘਟਨਾਵਾਂ ਵਿੱਚ ਉਸਦਾ ਨਾਮ ਸਾਹਮਣੇ ਆਇਆ ਹੈ। ਉਹ ਬੱਬਰ ਖਾਲਸਾ ਇੰਟਰਨੈਸ਼ਨਲ ਨਾਮਕ ਪ੍ਰਤਿਬੰਧਤ ਖਾਲਿਸਤਾਨੀ ਸੰਸਥਾ ਦਾ ਸਰਗਰਮ ਕਮਾਂਡਰ ਹੈ।ਬੱਬਰ ਖਾਲਸਾ ਇੰਟਰਨੈਸ਼ਨਲ ਸੰਸਥਾ ਨਾਲ ਕਥਿਤ ਤੌਰ 'ਤੇ ਜੁੜੇ ਪਾਸੀਆ ਨੇ ਨਾ ਸਿਰਫ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਈ, ਬਲਕਿ ਚੰਡੀਗੜ੍ਹ ਅਤੇ ਜਲੰਧਰ ਜਿਹੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਗ੍ਰੇਨੇਡ ਅਤੇ ਵਿਸਫੋਟਕ ਹਮਲਿਆਂ ਦੀ ਜ਼ਿੰਮੇਵਾਰੀ ਵੀ ਖੁਦ ਲਈ। ਜਿਵੇਂ ਕਿ, ਚੰਡੀਗੜ੍ਹ ਸੈਕਟਰ-10 ਵਿੱਚ ਗਰੇਨੇਡ ਹਮਲਾ, ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ 'ਤੇ ਬੰਬ ਧਮਾਕਾ, ਇਨ੍ਹਾਂ ਸਾਰੇ ਮਾਮਲਿਆਂ ਵਿੱਚ ਉਸਦਾ ਨਾਮ ਮੁੱਖ ਅਪਰਾਧੀ ਦੇ ਤੌਰ 'ਤੇ ਦਰਜ ਕੀਤਾ ਗਿਆ ਹੈ।

ਯੂਐਸ ਏਜੰਸੀਜ਼ ਨੇ ਹੈਪੀ ਪਾਸੀਆ ਨੂੰ ਇਮੀਗ੍ਰੇਸ਼ਨ ਉਲੰਘਣ ਦੇ ਤਹਿਤ ਗ੍ਰਿਫਤਾਰ ਕੀਤਾ ਹੈ। ਭਾਰਤ ਹੁਣ ਉਸਦੇ ਹਵਾਲਗੀ ਦੀ ਪ੍ਰਕਿਰਿਆ ਦੀ ਤਿਆਰੀ ਕਰ ਸਕਦਾ ਹੈ। ਹੈਪੀ ਪਾਸੀਆ ਦੀ ਗ੍ਰਿਫਤਾਰੀ ਨੂੰ ਭਾਰਤੀ ਸੁਰੱਖਿਆ ਏਜੰਸੀਜ਼ ਵੱਲੋਂ ਇੱਕ ਵੱਡੀ ਸਫਲਤਾ ਵਜੋਂ ਦੇਖਿਆ ਜਾ ਰਿਹਾ ਹੈ। ਰਾਸ਼ਟਰੀ ਸੁਰੱਖਿਆ ਏਜੰਸੀ (NIA) ਨੇ ਪਹਿਲਾਂ ਹੀ ਉਸ 'ਤੇ 5 ਲੱਖ ਰੁਪਏ ਦਾ ਇਨਾਮ ਘੋਸ਼ਿਤ ਕਰਕੇ ਉਸਨੂੰ ਭਗੋੜਾ ਘੋਸ਼ਿਤ ਕੀਤਾ ਸੀ।