Land Registry to Get Costlier: ਜਲੰਧਰ 'ਚ 20 ਅਪ੍ਰੈਲ ਤੋਂ ਨਵੇਂ ਕੁਲੈਕਟਰ ਰੇਟ ਲਾਗੂ ਹੋਣ ਜਾ ਰਹੇ ਹਨ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਵਾਲ ਦੇ ਨਿਰਦੇਸ਼ਾਂ ਉਪਰੰਤ ਜ਼ਿਲੇ ਵਿਚ ਤਾਇਨਾਤ ਸਾਰੇ ਐੱਸ. ਡੀ. ਐੱਮਜ਼ ਪਿਛਲੇ 2 ਹਫਤਿਆਂ ਤੋਂ ਨਵੇਂ ਕੁਲੈਕਟਰ ਰੇਟਾਂ ਦੀ ਪ੍ਰਪੋਜ਼ਲ ਤਿਆਰ ਕਰ ਕੇ ਪਹਿਲਾਂ ਹੀ ਡਿਪਟੀ ਕਮਿਸ਼ਨਰ ਨੂੰ ਭੇਜ ਚੁੱਕੇ ਹਨ। ਇਹ ਪ੍ਰਪੋਜ਼ਲ ਮਿਲਣ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਰੈਵੇਨਿਊ ਵਿਭਾਗ ਨੂੰ ਇਸ ਸਬੰਧ ਵਿਚ ਹੁਕਮ ਜਾਰੀ ਕੀਤੇ ਹਨ ਕਿ ਨਵੇਂ ਕੁਲੈਕਟਰ ਰੇਟਾਂ ਵਿਚ ਹਰੇਕ ਇਲਾਕੇ ਦੇ ਖਸਰਾ ਨੰਬਰ ਵੀ ਨਾਲ ਜੋੜੇ ਜਾਣ ਤਾਂ ਕਿ ਨੇੜ ਭਵਿੱਖ ਵਿਚ ਜੇਕਰ ਰਜਿਸਟਰੀ ਲਿਖਣ ਦਾ ਕੰਮ ਸਰਕਾਰ ਸੇਵਾ ਕੇਂਦਰਾਂ ਦੇ ਸਪੁਰਦ ਕਰਦੀ ਹੈ ਤਾਂ ਖਸਰਾ ਨੰਬਰਾਂ ਤੋਂ ਰਜਿਸਟ੍ਰੇਸ਼ਨ ਫੀਸ ਵਸੂਲਣ 'ਚ ਆਸਾਨੀ ਹੋ ਸਕੇ ਤੇ ਕਿਸੇ ਕਿਸਮ ਦਾ ਮਾਲੀਏ ਦਾ ਨੁਕਸਾਨ ਨਾ ਹੋ ਸਕੇ।
DC ਦੀ ਅਪਰੂਵਲ ਤੋਂ ਬਾਅਦ ਰੇਟਾਂ ਨੂੰ ਕੀਤਾ ਜਾਏਗਾ ਲਾਗੂ
ਸੂਤਰਾਂ ਦੇ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਐੱਸ. ਡੀ. ਐੱਮਜ਼ ਤੋਂ ਨਵੇਂ ਕੁਲੈਕਟਰ ਰੇਟਾਂ ਦੇ ਪ੍ਰਪੋਜ਼ਲ ਪ੍ਰਾਪਤ ਕਰ ਲਏ ਹਨ। ਇਨ੍ਹਾਂ ਪ੍ਰਪੋਜ਼ਲਾਂ ਵਿਚ ਖਸਰਾ ਨੰਬਰ ਸਮੇਤ ਵਿਸਤ੍ਰਿਤ ਜਾਣਕਾਰੀ ਸ਼ਾਮਲ ਹੈ। ਡਿਪਟੀ ਕਮਿਸ਼ਨਰ ਦੀ ਅਪਰੂਵਲ (approval) ਮਿਲਦੇ ਹੀ ਇਨ੍ਹਾਂ ਰੇਟਾਂ ਨੂੰ ਐੱਨ. ਜੀ. ਡੀ. ਆਰ. ਐੱਸ. ਸਾਫਟਵੇਅਰ ਵਿਚ ਅਪਲੋਡ ਕੀਤਾ ਜਾ ਰਿਹਾ ਹੈ ਤਾਂ ਕਿ ਸੋਮਵਾਰ ਨੂੰ ਰਜਿਸਟ੍ਰੇਸ਼ਨ ਪ੍ਰਕਿਰਿਆ ਵਿਚ ਕੋਈ ਅੜਚਨ ਨਾ ਆਵੇ ਅਤੇ ਤਹਿਸੀਲਾਂ ਤੇ ਸਬ-ਤਹਿਸੀਲਾਂ ਦੇ ਕੰਮ ਵਿਚ ਪਾਰਦਰਸ਼ਿਤਾ ਬਣੀ ਰਹੇ।
ਜ਼ਮੀਨ ਦੀ ਰਜਿਸਟਰੀ ਮਹਿੰਗੀ
ਉਥੇ ਹੀ, ਨਵੇਂ ਕੁਲੈਕਟਰ ਰੇਟ ਵਧਣ ਨਾਲ ਜ਼ਮੀਨ ਦੀ ਰਜਿਸਟਰੀ ਮਹਿੰਗੀ ਹੋ ਜਾਵੇਗੀ, ਜਿਸ ਨਾਲ ਜ਼ਮੀਨ ਦੀ ਖਰੀਦੋ-ਫਰੋਖਤ ਪ੍ਰਭਾਵਿਤ ਹੋ ਸਕਦੀ ਹੈ। ਜ਼ਿਆਦਾ ਕੀਮਤ ’ਤੇ ਰਜਿਸਟਰੀ ਕਰਨ ਕਾਰਨ ਲੋਕ ਜ਼ਮੀਨ ਖਰੀਦਣ ਤੋਂ ਪਹਿਲਾਂ 2 ਵਾਰ ਸੋਚਣਗੇ। ਗਰੀਬ ਆਦਮੀ ਲਈ ਆਪਣਾ ਘਰ ਬਣਾਉਣ ਦਾ ਸੁਫ਼ਨਾ ਪੂਰਾ ਕਰਨਾ ਵੀ ਮੁਸ਼ਕਲਾਂ ਭਰਿਆ ਸਾਬਿਤ ਹੋਵੇਗਾ।
DC ਡਾ. ਹਿਮਾਂਸ਼ੂ ਅਗਰਵਾਲ ਦੇ ਨਿਰਦੇਸ਼ਾਂ ’ਤੇ ਜ਼ਿਲੇ ਵਿਚ ਤਾਇਨਾਤ ਐੱਸ. ਡੀ. ਐੱਮਜ਼ ਨੇ ਆਪਣੇ-ਆਪਣੇ ਅਧਿਕਾਰ ਖੇਤਰ ਵਿਚ ਆਉਂਦੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਅਤੇ ਐਗਰੀਕਲਚਰ ਪ੍ਰਾਪਰਟੀ ਦੇ ਨਵੇਂ ਅਤੇ ਵਧੇ ਹੋਏ ਕੁਲੈਕਟਰ ਰੇਟਾਂ ਦੇ ਪ੍ਰਪੋਜ਼ਲ ਤਿਆਰ ਕਰ ਕੇ ਡਿਪਟੀ ਕਮਿਸ਼ਨਰ ਨੂੰ ਪਹਿਲਾਂ ਹੀ ਭੇਜੇ ਹੋਏ ਹਨ। ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਹਰੇਕ ਇਲਾਕੇ ਦੇ ਕੁਲੈਕਟਰ ਰੇਟਾਂ ਦੇ ਨਾਲ ਖਸਰਾ ਨੰਬਰਾਂ ਨੂੰ ਪਾ ਕੇ ਨਵੇਂ ਅਤੇ ਸੋਧੇ ਕੁਲੈਕਟਰ ਰੇਟਾਂ ਨੂੰ ਅੱਜ ਜ਼ਿਲ੍ਹੇ ਦੀਆਂ ਸਾਰੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿਚ ਜੰਗੀ ਪੱਧਰ ’ਤੇ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।
ਸੋਮਵਾਰ ਤੋਂ ਲਾਗੂ ਹੋਣਗੇ ਨਵੇਂ ਰੇਟ
ਮੰਨਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਗੁੱਡ ਫਰਾਈਡੇ ਛੁੱਟੀ ਅਤੇ ਸ਼ਨੀਵਾਰ ਤੇ ਐਤਵਾਰ ਨੂੰ ਸਰਕਾਰੀ ਛੁੱਟੀ ਹੋਣ ਦੌਰਾਨ ਦੇ ਦਿਨਾਂ ਵਿਚ ਨਵੇਂ ਕੁਲੈਕਟਰ ਰੇਟਾਂ ਦੇ ਪ੍ਰਪੋਜ਼ਲ ਨੂੰ ਪੂਰੀ ਤਰ੍ਹਾਂ ਨਾਲ ਅਮਲੀ-ਜਾਮਾ ਪਹਿਨਾ ਦਿੱਤਾ ਜਾਵੇਗਾ ਅਤੇ ਇਨ੍ਹਾਂ ਫਾਈਨਲ ਕੁਲੈਕਟਰ ਰੇਟਾਂ ਨੂੰ ਡਿਪਟੀ ਕਮਿਸ਼ਨਰ ਦੀ ਅਪਰੂਵਲ ਮਿਲਣ ਤੋਂ ਬਾਅਦ ਸੋਮਵਾਰ ਤੋਂ ਹੀ ਲਾਗੂ ਕਰ ਦਿੱਤਾ ਜਾਵੇਗਾ, ਜਿਸ ਦੇ ਬਾਅਦ ਸੋਮਵਾਰ ਨੂੰ ਰਜਿਸਟਰੀ ਕਰਵਾਉਣ ਵਾਲੇ ਲੋਕਾਂ ਨੂੰ ਨਵੇਂ ਕੁਲੈਕਟਰ ਰੇਟਾਂ ਦੇ ਮੁਤਾਬਕ ਹੀ ਰਜਿਸਟ੍ਰੇਸ਼ਨ ਫੀਸ ਦਾ ਆਨਲਾਈਨ ਭੁਗਤਾਨ ਕਰਨਾ ਪਵੇਗਾ।