ਲੁਧਿਆਣਾ: ਸ਼ਹਿਰ ਦੀ ਵਧੀਕ ਡਿਪਟੀ ਕਮਿਸ਼ਨਰ ਉੱਪਰ ਇੱਕ ਸਰਕਾਰੀ ਮਹਿਲਾ ਮੁਲਾਜ਼ਮ ਨੂੰ ਤਿੰਨ ਘੰਟਿਆਂ ਤਕ ਆਪਣੇ ਦਫ਼ਤਰ ਦੇ ਉਡੀਕ ਕਮਰੇ ਵਿੱਚ ਬੰਦੀ ਬਣਾਉਣ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਤੋਂ ਬਾਅਦ ਸਰਕਾਰੀ ਵਿਭਾਗਾਂ ਦੀਆਂ ਮੁਲਾਜ਼ਮ ਜਥੇਬੰਦੀਆਂ ਨੇ ਹੜਤਾਲ 'ਤੇ ਜਾਣ ਦਾ ਐਲਾਨ ਕਰ ਦਿੱਤਾ ਹੈ।


ਪ੍ਰਾਪਤ ਜਾਣਕਾਰੀ ਮੁਤਾਬਕ ਜ਼ਿਲ੍ਹਾ ਰੁਜ਼ਗਾਰ ਬਿਊਰੋ ਵਿੱਚ ਸੀਨੀਅਰ ਸਹਾਇਕ ਦੇ ਅਹੁਦੇ 'ਤੇ ਤਾਇਨਾਤ ਜਸਵਿੰਦਰ ਕੌਰ ਨੇ ਦੋਸ਼ ਲਾਏ ਹਨ ਕਿ ਏਡੀਸੀ ਸ਼ੇਨਾ ਅਗਰਵਾਲ ਨੇ ਉਸ ਨੂੰ ਵਿਭਾਗੀ ਕੰਮਕਾਰ ਦੌਰਾਨ ਬਿਨਾ ਕਿਸੇ ਕਾਰਨ ਤੋਂ ਘੰਟਿਆਂ ਬੱਧੀ ਉਡੀਕ ਕਰਵਾਈ ਅਤੇ ਉਸ ਨੂੰ ਕਮਰੇ ਵਿੱਚ ਬੰਦ ਕਰ ਕੇ ਵੀ ਰੱਖਿਆ। ਜਸਵਿੰਦਰ ਕੌਰ ਮੁਤਾਬਕ ਵਿਭਾਗ ਵੱਲੋਂ ਸ਼ਹਿਰ ਦੇ ਪ੍ਰਤਾਪ ਚੌਕ ਵਿੱਚ ਨਵੀਂ ਇਮਾਰਤ ਦੀ ਉਸਾਰੀ ਕਰਵਾਈ ਜਾ ਰਹੀ ਹੈ, ਜਿਸ ਵਿੱਚ ਬਿਜਲੀ ਦਾ ਕੁਨੈਕਸ਼ਨ ਲਗਵਾਉਣ ਲਈ ਉਹ ਏਡੀਸੀ ਕੋਲ ਪ੍ਰਵਾਨਗੀ ਲੈਣ ਲਈ ਆਈ ਸੀ।

ਸੀਨੀਅਰ ਸਹਾਇਕ ਦੇ ਦੱਸਣ ਮੁਤਾਬਕ ਉਹ ਪੰਜ ਨਵੰਬਰ ਸ਼ਾਮ ਨੂੰ ਆਈ ਅਤੇ ਏਡੀਸੀ ਦੀ ਦੋ ਘੰਟੇ ਉਡੀਕ ਕੀਤੀ। ਇਸ ਤੋਂ ਬਾਅਦ ਏਡੀਸੀ ਨੇ ਉਸ ਦੀ ਫਾਈਲ ਇਹ ਕਹਿ ਕੇ ਵਾਪਸ ਕਰ ਦਿੱਤੀ ਕਿ ਇਸ ਨੂੰ ਵਿਭਾਗ ਦੇ ਉਪ-ਨਿਰਦੇਸ਼ਕ ਨੇ ਤਸਦੀਕ ਨਹੀਂ ਕੀਤਾ ਹੈ ਤੇ ਅਗਲੇ ਦਿਨ ਆਉਣ ਲਈ ਕਿਹਾ। ਜਸਵਿੰਦਰ ਕੌਰ ਨੇ ਦੱਸਿਆ ਕਿ ਉਹ ਅਗਲੇ ਦਿਨ ਦੁਪਹਿਰ ਇੱਕ ਵਜੇ ਫਿਰ ਏਡੀਸੀ ਦਫ਼ਤਰ ਪੁੱਜੀ ਤਾਂ ਉਸ ਨੇ ਸਬੰਧਤ ਅਧਿਕਾਰੀ ਨਾਲ ਫ਼ੋਨ 'ਤੇ ਗੱਲਬਾਤ ਕਰਨ ਦੀ ਅਪੀਲ ਕੀਤੀ। ਜਸਵਿੰਦਰ ਕੌਰ ਨੇ ਦੋਸ਼ ਲਾਇਆ ਕਿ ਏਡੀਸੀ ਨੇ ਫ਼ੋਨ 'ਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਉਸ ਨੂੰ ਉਡੀਕ ਕਮਰੇ ਵਿੱਚ ਲੈ ਗਈ ਅਤੇ ਚਪੜਾਸੀ ਨੂੰ ਕਮਰੇ ਦਾ ਦਰਵਾਜ਼ਾ ਬੰਦ ਕਰਨ ਲਈ ਕਹਿ ਦਿੱਤਾ। ਉਸ ਨੇ ਦੱਸਿਆ ਕਿ ਉਹ ਤਿੰਨ ਘੰਟੇ ਬਾਅਦ ਉਡੀਕ ਕਮਰੇ ਵਿੱਚੋਂ ਨਿੱਕਲੀ।

ਉੱਧਰ ਜ਼ਿਲ੍ਹਾ ਰੁਜ਼ਗਾਰ ਬਿਊਰੋ ਦੀ ਡਿਪਟੀ ਡਾਇਰੈਕਟਰ ਮੀਨਾਕਸ਼ੀ ਸ਼ਰਮਾ ਨੇ ਵੀ ਏਡੀਸੀ 'ਤੇ ਅਧਿਕਾਰਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਉਨ੍ਹਾਂ ਦਾ ਵਿਭਾਗ ਜ਼ਿਲ੍ਹਾ ਪ੍ਰਸ਼ਾਸਨ ਨਾਲ ਕੋਈ ਵੀ ਕੰਮ ਨਹੀਂ ਕਰੇਗਾ। ਮੀਨਾਕਸ਼ੀ ਸ਼ਰਮਾ ਨੇ ਦੱਸਿਆ ਕਿ ਇਸ ਸਬੰਧੀ ਸ਼ਿਕਾਇਤ ਵੀ ਸੀਨੀਅਰ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ।