ਮੁਹਾਲੀ: ਇੱਥੋਂ ਦੀ ਪੁਲਿਸ ਨੇ ਮਾਝੇ ਦੇ ਅੱਧਖੜ੍ਹ ਉਮਰ ਦੇ ਵਿਅਕਤੀ ਨੂੰ 15ਵੀਂ ਵਾਰ ਨਸ਼ਾ ਤਸਕਰੀ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਹੈ। 50 ਸਾਲਾ ਬਲਵਿੰਦਰ ਸਿੰਘ ਬਿੱਲਾ ਮੁਹਾਲੀ ਵਿੱਚ ਨਸ਼ੇ ਦੀ ਡਿਲੀਵਰੀ ਕਰਨ ਆਇਆ ਹੋਇਆ ਸੀ। ਪੁਲਿਸ ਨੇ ਉਸ ਕੋਲੋਂ 750 ਗ੍ਰਾਮ ਹੈਰੋਇਨ ਵੀ ਬਰਾਮਦ ਕਰ ਲਈ ਹੈ।

ਮੁਹਾਲੀ ਪੁਲਿਸ ਦੇ ਕਪਤਾਨ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਬਲਵਿੰਦਰ ਸਿੰਘ ਬਿੱਲਾ ਹਵੇਲੀਆਂ ਪਿੰਡ ਤੋਂ ਆਪਣਾ ਕਾਰੋਬਾਰ ਚਲਾਉਂਦਾ ਸੀ। ਉਨ੍ਹਾਂ ਦੱਸਿਆ ਕਿ ਬਲਵਿੰਦਰ ਲੰਮੇ ਸਮੇਂ ਤੋਂ ਪਾਕਿਸਤਾਨ ਤੋਂ ਨਸ਼ਾ ਲਿਆ ਕੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਵੇਚਦਾ ਸੀ।

ਚਹਿਲ ਨੇ ਕਿਹਾ ਕਿ ਮੁੱਢਲੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਬਲਵਿੰਦਰ ਖ਼ਿਲਾਫ਼ ਪਹਿਲਾਂ ਤੋਂ ਹੀ 14 ਪਰਚੇ ਦਰਜ ਸਨ। SSP ਨੇ ਕਿਹਾ ਕਿ ਨਸ਼ਾ ਵੇਚ ਕੇ ਬਲਵਿੰਦਰ ਸਿੰਘ ਨੇ ਅੰਮ੍ਰਿਤਸਰ, ਜਲੰਧਰ ਤੇ ਝੰਜੇੜੀ ਨੇੜੇ ਕਾਫੀ ਜ਼ਮੀਨ ਵੀ ਖਰੀਦੀ ਹੋਈ ਹੈ।

ਉਨ੍ਹਾਂ ਦੱਸਿਆ ਕਿ 532 ਕਿੱਲੋ ਹੈਰੋਇਨ ਦੀ ਤਫ਼ਤੀਸ਼ ਕਰ ਰਹੀ ਐਨਆਈਏ ਨਾਲ ਬਿੱਲੇ ਦੇ ਵੀ ਤਾਰ ਜੁੜ ਸਕਦੇ ਹਨ। ਚਹਿਲ ਨੇ ਕਿਹਾ ਕਿ 532 ਕਿੱਲੋ ਹੈਰੋਇਨ ਨੂੰ ਲੂਣ ਵਿੱਚ ਲੁਕਾ ਕੇ ਪਾਕਿਸਤਾਨ ਤੋਂ ਮੰਗਵਾਉਣ ਵਾਲਾ  ਰਣਜੀਤ ਸਿੰਘ ਰਾਣਾ ਮੁਲਜ਼ਮ ਬਿੱਲੇ ਦੇ ਗੁਆਂਢ ਪਿੰਡ ਦਾ ਹੀ ਰਹਿਣ ਵਾਲਾ ਹੈ।