ਸ੍ਰੀ ਮੁਕਤਸਰ ਸਾਹਿਬ: ਜਗਰਾਓਂ ਤੋਂ ਸੋਸ਼ਲ ਮੀਡੀਆ 'ਤੇ ਬਣੀ ਆਪਣੀ ਪ੍ਰੇਮਿਕਾ ਨੂੰ ਮਿਲਣ ਮਲੋਟ ਪੁੱਜੇ ਨੌਜਵਾਨ ਨੂੰ ਕੁੜੀ ਦੇ ਚਚੇਰੇ ਭਰਾਵਾਂ ਨੇ ਖੂਬ ਕੁਟਾਪਾ ਚਾੜ੍ਹਿਆ। ਕੁੱਟ-ਮਾਰ ਜ਼ਿਆਦਾ ਹੋਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਪਿੰਡ ਦੇਹੜਕਾ (ਜਗਰਾਓਂ) ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਗੁਰਪ੍ਰੀਤ ਕਰੀਬ ਡੇਢ ਮਹੀਨਾ ਪਹਿਲਾਂ ਸਾਊਦੀ ਅਰਬ ਤੋਂ ਪਰਤਿਆ ਸੀ। ਵੀਹ ਕੁ ਦਿਨ ਪਹਿਲਾਂ ਮੋਬਾਈਲ ਐਪ ਜ਼ਰੀਏ ਉਸ ਦਾ ਸੰਪਰਕ ਮਲੋਟ ਨੇੜਲੇ ਪਿੰਡ ਬਲੋਚਕੇਰਾ ਦੀ ਕੁੜੀ ਨਾਲ ਹੋ ਗਿਆ। ਕੁੜੀ ਦੇ ਮਾਪੇ ਹਫ਼ਤੇ ਲਈ ਬਾਹਰ ਗਏ ਹੋਏ ਸਨ ਤਾਂ ਗੁਰਪ੍ਰੀਤ ਸਿੰਘ ਆਪਣੇ ਦੋਸਤ ਕੁਲਵੰਤ ਸਿੰਘ ਨੂੰ ਨਾਲ ਲੈ ਕੇ ਕੁੜੀ ਪਿੰਡ ਪੁੱਜ ਗਿਆ। ਲੜਕੀ ਦੀ ਦਾਦੀ ਨੇ ਘਰ ’ਚ ਇਕੱਲੀਆਂ ਹੋਣ ਕਰਕੇ ਆਪਣੇ ਵੱਡੇ ਲੜਕੇ ਬਖਸ਼ੀਸ਼ ਸਿੰਘ ਦੇ ਪੁੱਤਰ ਬਲਜੀਤ ਸਿੰਘ ਨੂੰ ਘਰ ਸੌਣ ਲਈ ਬੁਲਾਇਆ ਹੋਇਆ ਸੀ।

ਮਲੋਟ ਦੇ ਐਸਪੀ ਇਕਬਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਗੁਰਪ੍ਰੀਤ ਸਿੰਘ ਕਰੀਬ ਸਾਢੇ 11 ਵਜੇ ਲੜਕੀ ਦੇ ਘਰ ਗਿਆ। ਉਸ ਦਾ ਦੋਸਤ ਖੇਤਰ ਵਿੱਚ ਇੱਕ ਪਟਰੋਲ ਪੰਪ ’ਤੇ ਉਸ ਦੀ ਉਡੀਕ ’ਚ ਬੈਠ ਗਿਆ। ਘਰ ’ਚ ਓਪਰਾ ਬੰਦਾ ਵੜਨ ’ਤੇ ਬਲਜੀਤ ਸਿੰਘ ਜਾਗ ਗਿਆ। ਉਸ ਨੇ ਆਪਣੇ ਦੋ ਭਰਾਵਾਂ ਖ਼ੁਸ਼ਪ੍ਰੀਤ ਸਿੰਘ ਤੇ ਗੁਰਜੀਤ ਸਿੰਘ ਨੂੰ ਫੋਨ ਕਰ ਕੇ ਸੱਦ ਲਿਆ। ਇਸ ਮਗਰੋਂ ਤਿੰਨੇ ਭਰਾਵਾਂ ਨੇ ਘਰ ਅੰਦਰੋਂ ਗੁਰਪ੍ਰੀਤ ਸਿੰਘ ਨੂੰ ਫੜ ਲਿਆ ਤੇ ਉਸ ਦੀ ਕੁੱਟਮਾਰ ਕੀਤੀ।

ਲੜਕੀ ਦੇ ਭਰਾਵਾਂ ਨੇ ਕੁਲਵੰਤ ਸਿੰਘ ਨੂੰ ਗੁਰਪ੍ਰੀਤ ਨੂੰ ਘਰੋਂ ਲਿਜਾਣ ਲਈ ਆਖਿਆ ਪਰ ਉਸ ਨੇ ਨਾਂਹ ਕਰ ਦਿੱਤੀ। ਇਸ ਮਗਰੋਂ ਲੜਕੀ ਦੇ ਭਰਾ ਉਸ ਨੂੰ ਮੋਟਰਸਾਈਕਲ ’ਤੇ ਪੈਟਰੋਲ ਪੰਪ ’ਤੇ ਛੱਡ ਗਏ। ਕੁਲਵੰਤ ਸਿੰਘ ਉਸ ਨੂੰ ਸਰਕਾਰੀ ਹਸਪਤਾਲ ਮਲੋਟ ਲੈ ਗਿਆ ਜਿੱਥੇ ਗੁਰਪ੍ਰੀਤ ਸਿੰਘ ਨੇ ਦਮ ਤੋੜ ਦਿੱਤਾ। ਐਸਪੀ ਨੇ ਦੱਸਿਆ ਕਿ ਕੁਲਵੰਤ ਸਿੰਘ ਨੇ ਗੁਰਪ੍ਰੀਤ ਨੂੰ ਹਸਪਤਾਲ ਦਾਖ਼ਲ ਕਰਵਾਉਣ ਸਮੇਂ ਝੂਠੀ ਜਾਣਕਾਰੀ ਦਰਜ ਕਰਵਾਈ ਪਰ ਉਸ ਦੀ ਮੌਤ ਤੋਂ ਬਾਅਦ ਪੁਲਿਸ ਨੂੰ ਸੱਚ ਦੱਸਿਆ। ਕੁਲਵੰਤ ਸਿੰਘ ਦੇ ਬਿਆਨਾਂ ’ਤੇ ਬਲਜੀਤ ਸਿੰਘ, ਖੁਸ਼ਪ੍ਰੀਤ ਸਿੰਘ ਤੇ ਗੁਰਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।