ਅੰਮ੍ਰਿਤਸਰ: ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਜਾਣਨ ਦੇ ਲਈ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਕੰਪਨੀ ਬਾਗ ਪੁੱਜੇ। ਹਾਲਾਂਕਿ, ਡਾ. ਸਿੱਧੂ ਸਿਆਸੀ ਗੱਲਾਂ ਕਰਨ ਤੋਂ ਬੱਚਦੇ ਨਜ਼ਰ ਆਏ ਪਰ ਨਵਜੋਤ ਸਿੱਧੂ ਤੇ ਸਰਕਾਰ ਦਰਮਿਆਨ ਜਾਰੀ ਖਿੱਚੋਤਾਣ ਕਾਰਨ ਆਪਣੇ ਪਤੀ ਦਾ ਵਿਭਾਗ ਬਦਲਣ ਕਿਆਸਰਾਈਆਂ ਬਾਰੇ ਜਵਾਬ ਵੀ ਦਿੱਤਾ।



ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹ ਕੰਮ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਹਨ, ਇਸ ਲਈ ਵਿਭਾਗ ਕੋਈ ਵੀ ਹੋਵੇ, ਇਸ ਨਾਲ ਫਰਕ ਨਹੀਂ ਪੈਂਦਾ। ਉੱਧਰ, ਨਵਜੋਤ ਸਿੱਧੂ ਵੀ ਅੱਜ-ਕੱਲ੍ਹ ਸੋਸ਼ਲ ਮੀਡੀਆ 'ਤੇ ਸ਼ਾਇਰੀ ਰਾਹੀਂ ਆਪਣੇ ਮਨ ਦੇ ਵਲਵਲੇ ਸਾਂਝੇ ਕਰਦੇ ਰਹਿੰਦੇ ਹਨ। ਨਾਲ ਹੀ ਡਾ. ਸਿੱਧੂ ਨੇ ਕਿਹਾ ਕਿ ਹਰ ਮੰਤਰੀ ਨੂੰ ਅਤੇ ਵਿਧਾਇਕ ਨੂੰ ਆਪਣਾ ਰਿਪੋਰਟ ਕਾਰਡ ਪੇਸ਼ ਕਰਨਾ ਚਾਹੀਦਾ ਹੈ ਅਤੇ ਮੁੱਖ ਮੰਤਰੀ ਨੂੰ ਦੇਣਾ ਚਾਹੀਦਾ ਹੈ।


ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਅਸਤੀਫ਼ੇ ਦੀ ਪੇਸ਼ਕਸ਼ ਕਰਨ 'ਤੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਅਸਤੀਫ਼ਾ ਨਾਮਨਜ਼ੂਰ ਕਰ ਦਿੱਤਾ ਗਿਆ ਹੈ, ਕਿਉਂਕਿ ਇਸ ਨਾਲ ਪਾਰਟੀ ਕਮਜ਼ੋਰ ਹੋਵੇਗੀ। ਡਾ. ਸਿੱਧੂ ਨੇ ਬਰਗਾੜੀ ਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਉੱਪਰ ਉੱਠ ਰਹੇ ਸਵਾਲਾਂ ਨੂੰ ਟਾਲ ਦਿੱਤਾ ਕਿ ਉਹ ਇਹ ਸੰਗੀਨ ਮੁੱਦੇ ਉੱਪਰ ਕੋਈ ਵੀ ਬਿਆਨਬਾਜ਼ੀ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਹ ਬਹੁਤ ਹੀ ਗੰਭੀਰ ਮਸਲਾ ਹੈ।