ਫ਼ਾਜ਼ਿਲਕਾ: ਜ਼ਿਲ੍ਹੇ ਦੇ ਅਰਨੀਵਾਲਾ ਵਿੱਚ ਚੰਡੀਗੜ੍ਹ ਢਾਣੀ ਦੇ ਨੌਜਵਾਨ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਕਰਕੇ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ 28 ਸਾਲਾ ਸੁਖਦੇਵ ਸਿੰਘ ਵਜੋਂ ਹੋਈ ਹੈ। ਪਰਿਵਾਰ ਵਾਲਿਆਂ ਨੇ ਢਾਣੀ 'ਚ ਸ਼ਰ੍ਹੇਆਮ ਨਸ਼ਾ ਵਿਕਣ ਦੇ ਵੀ ਦੋਸ਼ ਵੀ ਲਾਏ।
ਸੁਖਦੇਵ ਸਿੰਘ ਵਿਆਹਿਆ ਹੋਇਆ ਸੀ ਤੇ ਤਿੰਨ ਬੱਚੀਆਂ ਦਾ ਬਾਪ ਵੀ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਸੁਖਦੇਵ ਨਸ਼ਾ ਛੱਡਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਇੱਥੇ ਸਰ੍ਹੇਆਮ ਨਸ਼ਾ ਵਿਕਦਾ ਹੈ। ਸੌਖਿਆਂ ਨਸ਼ਾ ਮਿਲਣ 'ਤੇ ਸੁਖਦੇਵ ਨੇ ਟੀਕਾ ਲਾ ਲਿਆ ਤੇ ਉਸਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਸਤਨਾਮ ਸਿੰਘ ਤੇ ਭਰਾ ਸੁਖਪਾਲ ਸਿੰਘ ਨੇ ਦੋਸ਼ ਲਾਏ ਕਿ ਨਸ਼ੇ ਦੀ ਵਿਕਰੀ ਪੁਲਿਸ ਦੀ ਮਿਲੀਭੁਗਤ ਨਾਲ ਚੱਲ ਰਹੀ ਹੈ ਅਤੇ ਪੁਲਿਸ ਨਸ਼ੇ ਦੇ ਸੌਦਾਗਰਾਂ ਤੋਂ ਹਫ਼ਤਾ ਵੀ ਵਸੂਲਦੀ ਹੈ।
ਪਿੰਡ ਦੇ ਸਾਬਕਾ ਸਰਪੰਚ ਕਸ਼ਮੀਰ ਸਿੰਘ ਨੇ ਵੀ ਇਲਜ਼ਾਮ ਲਗਾਇਆ ਕਿ ਸਾਡੇ ਪਿੰਡ ਨਸ਼ੇ ਕਾਰਨ ਕਰੀਬ 10 ਮੌਤਾਂ ਹੋ ਚੁੱਕੀਆਂ ਹਨ ਪਰ ਪੁਲਿਸ ਨੇ ਅੱਜ ਤਕ ਕਿਸੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਇਹ ਵੀ ਇਲਜ਼ਾਮ ਲਗਾਇਆ ਕਿ ਅਰਨੀਵਾਲਾ ਵਿੱਚ ਸ਼ਰ੍ਹੇਆਮ ਨਸ਼ਾ ਵਿਕਦਾ ਹੈ, ਜਿਸ ਦੀ ਰੋਕਥਾਮ ਲਈ ਕੁਝ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਸ਼ਾ ਵੇਚਣ ਵਾਲਿਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਬਾਰੇ ਜਦੋਂ ਥਾਣਾ ਅਰਨੀਵਾਲਾ ਦੇ ਮੁਖੀ ਜਗਤਾਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਪੁਲਿਸ ਦੇ ਕੰਮ ਕਰਨ ਦੇ ਤੌਰ ਤਰੀਕਿਆਂ ਦਾ ਪਾਠ ਪੜ੍ਹਾਇਆ। ਉਨ੍ਹਾਂ ਕਿਹਾ ਕਿ ਸਾਨੂੰ ਇਸ ਦੀ ਸੂਚਨਾ ਨਹੀਂ ਮਿਲੀ, ਲੋਕ ਜੇਕਰ ਸਾਨੂੰ ਦੱਸਣਗੇ ਨਹੀਂ ਤਾਂ ਅਸੀਂ ਕਾਰਵਾਈ ਕਿਵੇਂ ਕਰਾਂਗੇ। ਉਨ੍ਹਾਂ ਕਿਹਾ ਕਿ ਸਾਨੂੰ ਜਦੋਂ ਕੰਪਲੇਂਟ ਮਿਲੇਗੀ ਤਾਂ ਕਾਰਵਾਈ ਕੀਤੀ ਜਾਵੇਗੀ।