ਚੰਡੀਗੜ੍ਹ: ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ 'ਤੇ ਦੋ ਕਾਰਾਂ ਵਿੱਚ ਸਵਾਰ ਬਦਮਾਸ਼ਾਂ ਵੱਲੋਂ ਹਮਲੇ ਦੀ ਕੋਸ਼ਿਸ਼ ਕੀਤੇ ਜਾਣ ਦੀ ਖ਼ਬਰ ਹੈ। ਗੁਲਾਟੀ ਨੇ ਬੁੱਧਵਾਰ ਨੂੰ ਦੱਸਿਆ ਕਿ ਘਟਨਾ ਬੀਤੇ ਦਿਨ ਕੌਮੀ ਸ਼ਾਹਰਾਹ ਨੰਬਰ ਇੱਕ 'ਤੇ ਹਰਿਆਣਾ ਦੇ ਮੁਰਥਲ ਤੇ ਪਾਨੀਪਤ ਦਰਮਿਆਨ ਵਾਪਰੀ। ਘਟਨਾ ਮਗਰੋਂ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।
ਮਨੀਸ਼ਾ ਮੁਤਾਬਕ ਉਹ ਦਿੱਲੀ ਤੋਂ ਚੰਡੀਗੜ੍ਹ ਆਪਣੇ ਦਫ਼ਤਰ ਆਪਣੇ ਪੁੱਤਰ ਨਕੁਲ ਗੁਲਾਟੀ ਨਾਲ ਕਾਰ 'ਤੇ ਜਾ ਰਹੀ ਸੀ। ਰਸਤੇ ਵਿੱਚ ਉਹ ਮੁਰਥਲ ਦੇ ਹਵੇਲੀ ਰੈਸਟੋਰੈਂਟ 'ਤੇ ਰੁਕੇ ਸੀ। ਉੱਥੋਂ ਦੋ ਕਾਰਾਂ ਲਗਾਤਾਰ ਉਨ੍ਹਾਂ ਦਾ ਪਿੱਛਾ ਕਰਦੀਆਂ ਆ ਰਹੀਆਂ ਸਨ ਤੇ ਕਾਰ 'ਚ ਸਵਾਰ 5-6 ਬਦਮਾਸ਼ਾਂ ਨੇ ਉਨ੍ਹਾਂ ਦੀ ਕਾਰ ਨਾਲ ਕਈ ਵਾਰ ਟੱਕਰ ਵੀ ਮਾਰੀ।
ਇਹ ਸਭ ਉਦੋਂ ਹੋਇਆ, ਜਦ ਗੁਲਾਟੀ ਦੀ ਕਾਰ ਨਾ ਸੁਰੱਖਿਆ ਕਰਮੀਆਂ ਦੀ ਜਿਪਸੀ ਵੀ ਚੱਲ ਰਹੀ ਸੀ। ਚੇਅਰਪਰਸਨ ਨੇ ਪਾਨੀਪਤ ਪੁਲਿਸ ਨੂੰ ਸ਼ਿਕਾਇਤ ਦਿੱਤੀ, ਜਿਸ ਤਹਿਤ ਪੁਲਿਸ ਨੇ ਪਾਨੀਪਤ ਦੇ ਰਹਿਣ ਵਾਲੇ ਦੋ ਜਣੇ, ਗੁਰਵਿੰਦਰ ਤੇ ਲਵਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਦੋਵੇਂ ਜਣੇ ਵੀ ਪਾਨੀਪਤ ਤੋਂ ਦਿੱਲੀ ਕਿਸੇ ਵਿਆਹ ਸਮਾਗਮ ਵਿੱਚ ਗਏ ਸਨ। ਜਿਸ ਸਮੇਂ ਘਟਨਾ ਵਾਪਰੀ ਉਦੋਂ ਉਹ ਆਪਣੀ ਸਵਿਫ਼ਟ ਕਾਰ 'ਤੇ ਪਾਨੀਪਤ ਵਾਪਸ ਪਰਤ ਰਹੇ ਸਨ।