ਤਰਨ ਤਾਰਨ: ਪੱਟੀ ਦੇ ਥਾਣਾ ਖਾਲੜਾ ਅਧੀਨ ਪੈਂਦੇ ਪਿੰਡ ਡੱਲ ਵਿਖੇ ਇੱਕ 30 ਸਾਲ ਨੌਜਵਾਨ ਦੀ ਨਸ਼ੇ ਦਾ ਟੀਕਾ ਲਾਉਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰਤਾਪ ਸਿੰਘ ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪ੍ਰਤਾਪ ਸਿੰਘ ਪੁੱਤਰ ਮੁਖਤਾਰ ਸਿੰਘ ਪਿੰਡ ਪਹੁਵਿੰਡ ਵਿੱਚ ਆਇਆ ਸੀ ਜਿੱਥੇ ਉਸ ਨੇ ਨਸ਼ੇ ਦਾ ਟੀਕਾ ਲਾ ਲਿਆ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਇਸ ਸਾਰੀ ਘਟਨਾ ਦਾ ਪਤਾ ਚੱਲਦਿਆਂ ਹੀ ਗੁਰਪ੍ਰਤਾਪ ਸਿੰਘ ਦੇ ਪਰਿਵਾਰਕ ਮੈਂਬਰਾਂ ਪਿੰਡ ਪਹੁਵਿੰਡ ਵਿੱਚ ਪਹੁੰਚ ਗਏ ਅਤੇ ਉਨ੍ਹਾਂ ਨੇ ਗੁਰਪ੍ਰਤਾਪ ਸਿੰਘ ਦੀ ਜਾਨ ਬਚਾਉਣ ਲਈ ਉਸਨੂੰ ਪਿੰਡ ਪਹੁਵਿੰਡ ਤੋਂ ਭਿੱਖੀਵਿੰਡ ਦੇ ਕਿਸੇ ਹਸਪਤਾਲ ਵਿੱਚ ਲਿਜਾ ਰਹੇ ਸਨ ਕਿ ਰਸਤੇ ਵਿੱਚ ਹੀ ਗੁਰਪ੍ਰਤਾਪ ਸਿੰਘ ਦੀ ਮੌਤ ਹੋ ਗਈ।

ਮ੍ਰਿਤਕ ਗੁਰਪ੍ਰਤਾਪ ਸਿੰਘ ਆਪਣੇ ਪਿੱਛੇ, ਪਤਨੀ ਅਤੇ ਦੋ ਛੋਟੇ-ਛੋਟੇ ਬੱਚੇ ਅਤੇ ਮਾਂ ਪਿਓ ਅਤੇ ਇੱਕ ਭਰਾ ਨੂੰ ਛੱਡ ਗਿਆ ਹੈ। ਦੱਸਣਯੋਗ ਗੱਲ ਇਹ ਵੀ ਹੈ ਕਿ ਮ੍ਰਿਤਕ ਦੀ ਮਾਂ ਮਨਜੀਤ ਕੌਰ ਅਤੇ ਭਰਾ ਗੁਰਸਾਹਿਬ ਸਿੰਘ ਦਾ ਇਲਜ਼ਾਮ ਹੈ ਕਿ ਪਿੰਡ ਡੱਲ ਵਿੱਚ ਨਸ਼ਾ ਸ਼ਰ੍ਹੇਆਮ ਵਿਕ ਰਿਹਾ ਹੈ ਪਰ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ।

ਦੱਸਣਯੋਗ ਹੈ ਕਿ ਪ੍ਰਸ਼ਾਸਨ ਨੂੰ ਪਤਾ ਹੋਣ ਦੇ ਬਾਵਜੂਦ ਵੀ ਕੋਈ ਵੀ ਅਧਿਕਾਰੀ ਤਫਤੀਸ਼ ਕਰਨ ਲਈ ਨਹੀਂ ਥਾਣਾ ਖਾਲੜਾ ਦੀ ਪੁਲਸ ਉਸ ਵਕਤ ਪੁੱਜੀ ਜਦੋਂ ਮ੍ਰਿਤਕ ਦੇ ਸਰੀਰ ਨੂੰ ਅਗਨ ਭੇਟ ਕੀਤਾ ਜਾ ਰਿਹਾ ਸੀ। ਉੱਧਰ, ਦੂਜੇ ਪਾਸੇ ਥਾਣਾ ਖਾਲੜਾ ਦੇ ਐਸਐਚਓ ਤੋਂ ਇਸ ਸਬੰਧੀ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਨੇ ਜਾਣਕਾਰੀ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ।