ਫ਼ਿਰੋਜ਼ਪੁਰ: ਦੋ ਮੋਟਰਸਾਈਕਲਾਂ 'ਤੇ ਸਵਾਰ ਅਣਪਛਾਤੇ ਵਿਅਕਤੀਆਂ ਨੇ ਕੈਦੀ ਨੂੰ ਪੇਸ਼ੀ 'ਤੇ ਲਿਜਾ ਰਹੀ ਪੁਲਿਸ ਪਾਰਟੀ 'ਤੇ ਗੋਲ਼ੀਆਂ ਚਲਾ ਕੇ ਆਪਣਾ ਸਾਥੀ ਆਜ਼ਾਦ ਕਰਵਾ ਲਿਆ ਹੈ। ਇਸ ਵਾਰਦਾਤ ਦੌਰਾਨ ਇੱਕ ਪੁਲਿਸ ਮੁਲਾਜ਼ਮ ਕਾਫੀ ਜ਼ਖ਼ਮੀ ਹੋ ਗਿਆ। ਪੁਲਿਸ ਵੱਲੋਂ ਹਮਲਾਵਰਾਂ 'ਤੇ ਕੋਈ ਜਵਾਬੀ ਫਾਈਰ ਨਹੀਂ ਕੀਤਾ ਗਿਆ, ਜੋ ਪੁਲਿਸ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਨਸ਼ਾ ਤਸਕਰੀ ਦੇ ਵੱਡੇ ਮਾਮਲੇ ਵਿੱਚ ਨਾਭਾ ਦੀ ਜੇਲ੍ਹ ਵਿੱਚ ਕੈਦ ਫ਼ਿਰੋਜ਼ਪੁਰ ਦੇ ਪਿੰਡ ਨਿਹਾਲਾ ਕਿਲਚਾ ਦੇ ਹਰਭਜਨ ਸਿੰਘ ਦੀ ਅੱਜ ਅਦਾਲਤ ਵਿੱਚ ਪੇਸ਼ੀ ਸੀ। ਤਿੰਨ ਪੁਲਿਸ ਮੁਲਾਜ਼ਮ ਉਸ ਨੂੰ ਸਰਕਾਰੀ ਬੱਸ ਰਾਹੀਂ ਪੇਸ਼ੀ 'ਤੇ ਲਿਆ ਰਹੇ ਸਨ ਕਿ ਅਦਾਲਤ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਗਿਆ। ਹਮਲਾ ਉਦੋਂ ਕੀਤਾ ਗਿਆ, ਜਦੋਂ ਉਹ ਰੋਟੀ ਖਾਣ ਲਈ ਘੱਲ ਖੁਰਦ ਦੇ ਢਾਬੇ ਵਿੱਚ ਰੁਕੇ ਸਨ। ਚਾਰ ਹਮਲਾਵਰ ਦੋ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਤੇ ਗੋਲ਼ੀਆਂ ਚਲਾਉਂਦੇ ਹੋਏ ਆਪਣਾ ਸਾਥੀ ਵੀ ਮੋਟਰਸਾਈਕਲ 'ਤੇ ਹੀ ਬਿਠਾ ਕੇ ਫਰਾਰ ਹੋ ਗਏ।
ਮੁਲਜ਼ਮ ਹਰਭਜਨ ਸਿੰਘ ਵਿਰੁੱਧ ਐਨ.ਡੀ.ਪੀ.ਐਸ. ਐਕਟ ਤਹਿਤ 22 ਕਿਲੋ ਤੋਂ ਜ਼ਿਆਦਾ ਹੈਰੋਇਨ ਮਿਲਣ ਦੇ ਦੋ ਮੁਕੱਦਮੇ ਦਰਜ ਹੋਣ ਦੇ ਬਾਵਜੂਦ ਪੁਲਿਸ ਮੁਲਾਜ਼ਮ ਉਸ ਨੂੰ ਨਾਭਾ ਜੇਲ੍ਹ ਤੋਂ ਸਰਕਾਰੀ ਗੱਡੀ ਦੀ ਬਜਾਇ ਬੱਸ 'ਤੇ ਲੈ ਆਏ, ਜਿਸ ਦਾ ਫਾਇਦਾ ਉਸ ਦੇ ਸਾਥੀਆਂ ਨੇ ਚੁੱਕਦਿਆਂ ਮੁਲਾਜ਼ਮ ਨੂੰ ਆਜ਼ਾਦ ਕਰਵਾ ਲਿਆ।
ਪੁਲਿਸ ਕਪਤਾਨ ਮਨਿੰਦਰ ਸਿੰਘ ਨੇ ਦੱਸਿਆ ਕੀਤੀ ਕਿ ਹਮਲਾਵਰਾਂ ਦੀ ਗੋਲੀ ਦਾ ਸ਼ਿਕਾਰ ਹੋਏ ਪੁਲਿਸ ਮੁਲਾਜ਼ਮ ਲਛਮਣ ਸਿੰਘ ਦਾ ਇਲਾਜ਼ ਫਰੀਦਕੋਟ ਤੋਂ ਕਰਵਾਇਆ ਜਾ ਰਿਹਾ ਤੇ ਮੁਲਜ਼ਮਾਂ ਨੂੰ ਫੜਨ ਲਈ ਨਾਕੇਬੰਦੀ ਕੀਤੀ ਗਈ ਹੈ।