ਖੰਨਾ: ਸਥਾਨਕ ਪੁਲਿਸ ਨੇ ਸਾਲ 2010 ਤੋਂ ਸਰਗਰਮ ਅੰਤਰਰਾਜੀ ਚੋਰ ਗਿਰੋਹ ਦੇ 7 ਮੈਬਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਨ੍ਹਾਂ ਚੋਰਾਂ ਤੋਂ ਇੱਕ ਕਰੋੜ ਰੁਪਏ ਤੋਂ ਵੱਧ ਕੀਮਤ ਦੇ ਸਮਾਨ ਦੀ ਬਰਾਮਦਗੀ ਵੀ ਕੀਤੀ ਹੈ। ਪੁਲਿਸ ਮੁਤਾਬਕ ਸੱਤਾਂ ਉਤੇ 3 ਦਰਜਨ ਤੋਂ ਜ਼ਿਆਦਾ ਮੁਕੱਦਮੇ ਦਰਜ ਹਨ।




ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੰਨਾ ਦੇ ਸੀਨੀਅਰ ਪੁਲਿਸ ਕਪਤਾਨ ਧਰੁਵ ਦਹੀਆ ਨੇ ਦੱਸਿਆ ਕਿ ਥਾਣਾ ਮਲੌਦ ਦੀ ਪੁਲਿਸ ਪਾਰਟੀ ਨੇ ਬੀਤੀ ਸ਼ਾਮ ਜਗੇੜਾ ਨਹਿਰ ਦੇ ਪੁਲ 'ਤੇ ਕੀਤੀ ਜਾ ਰਹੀ ਚੈਕਿੰਗ ਦੌਰਾਨ ਲੁਧਿਆਣਾ ਵਾਲੇ ਪਾਸਿਓਂ ਟਰੱਕ (ਪੀਬੀ-19-ਐਫ-7166) ਤੇ ਕੈਂਟਰ ਟਾਟਾ 407 (ਐਚਆਰ-69-ਸੀ-3759) ਵਿੱਚੋਂ ਵੱਡੀ ਮਾਤਰਾ ਵਿੱਚ ਕਣਕ, ਕੀੜੇਮਾਰ ਦਵਾਈਆਂ, ਐਲਈਡੀ ਟੀਵੀ, ਫਰਿੱਜ, ਵਾਸ਼ਿੰਗ ਮਸ਼ੀਨ ਆਦਿ ਬਰਾਮਦ ਕੀਤੇ ਗਏ।



ਦੋਵਾਂ ਵਾਹਨਾਂ ਦੀ ਤਲਾਸ਼ੀ ਲੈਣ ਪਰ ਟਰੱਕ ਵਿੱਚੋਂ 140 ਬੋਰੀਆਂ ਕਣਕ ਤੇ 440 ਪੇਟੀਆਂ ਕੀਟਨਾਸ਼ਕ ਦਵਾਈਆਂ, 13 ਐਲਸੀਡੀ, 4 ਮਾਈਕ੍ਰੋਵੇਵ, 13 ਵਾਸ਼ਿੰਗ ਮਸ਼ੀਨਾਂ, 10 ਫਰਿੱਜ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਦੋਵਾਂ ਵਾਹਨਾਂ ਦੇ ਚਾਲਕਾਂ ਵੱਲੋਂ ਕਰਵਾਈ ਨਿਸ਼ਾਨਦੇਹੀ ਤੋਂ ਬਲੈਰੋ ਕਾਰ (ਪੀਬੀ-11-ਏ.ਐਸ-9016) ਅਤੇ 8 ਲੱਖ ਰੂਪਏ ਨਕਦੀ ਵੀ ਬਰਾਮਦ ਹੋਈ।



ਉਨ੍ਹਾਂ ਦੱਸਿਆ ਕਿ ਇਸ ਗੈਂਗ ਨੇ ਸਾਲ 2010 ਤੋਂ ਬਾਅਦ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ 7, ਗੁਰਦਾਸਪੁਰ 2, ਪਟਿਆਲਾ 5, ਹੁਸ਼ਿਆਰਪੁਰ 2, ਜਲੰਧਰ 2, ਬਰਨਾਲਾ 5, ਅੰਮ੍ਰਿਤਸਰ 3, ਮਾਨਸਾ 1, ਮੋਗਾ 1 ਅਤੇ ਹਰਿਆਣਾ ਵਿੱਚ 8 ਸਮੇਤ ਕੁੱਲ 36 ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਨੇ ਥਾਣਾ ਮਲੌਦ ਵਿੱਚ ਧਾਰਾ 379-ਬੀ, 411, 413, 473 ਭ/ਦ ਤਹਿਤ ਮੁਕੱਦਮਾ ਨੰਬਰ 81 ਦਰਜ ਕਰ ਲਿਆ ਹੈ ਤੇ ਪੜਤਾਲ ਆਰੰਭ ਦਿੱਤੀ ਹੈ।