ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਜੂਨੀਅਰ ਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਭਲਕੇ ਯਾਨੀ ਕਿ 19 ਅਗਸਤ ਨੂੰ ਪੰਜਾਬ ਆ ਰਹੇ ਹਨ। ਕੇਜਰੀਵਾਲ ਤੇ ਸਿਸੋਦੀਆ ਬਰਨਾਲਾ ਜ਼ਿਲ੍ਹੇ 'ਚ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਕਾਕਾ ਸਿੰਘ ਦੇ ਭੋਗ ਮੌਕੇ ਆ ਸਕਦੇ ਹਨ। ਕੇਜਰੀਵਾਲ ਡਰੱਗ ਮਾਮਲੇ ਵਿਚ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਮੁਆਫ਼ੀ ਮੰਗਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਪੈਰ ਪਾਉਣ ਜਾ ਰਹੇ ਹਨ।
ਵਿਧਾਇਕ ਪੰਡੋਰੀ ਦੇ ਪਿਤਾ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਦੇ ਭੋਗ ਦੀ ਰਸਮ 19 ਅਗਸਤ ਨੂੰ ਪਿੰਡ ਪੰਡੋਰੀ ਵਿੱਚ ਹੋ ਰਹੀ ਹੈ। ਸੂਤਰਾਂ ਮੁਤਾਬਕ ਇਹ ਦੋਵੇਂ ਕੌਮੀ ਆਗੂ ਸਿੱਧੇ ਉੱਥੇ ਹੀ ਪਹੁੰਚਣਗੇ। ਇਸ ਵੇਲੇ ਪੰਜਾਬ ਇਕਾਈ ਵਿੱਚ ਵੱਡਾ ਰੱਫੜ ਵੀ ਪਿਆ ਹੋਇਆ ਹੈ ਅਤੇ ਬਾਗੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਤਾਂ ਪਾਰਟੀ ਦੀ ਪੰਜਾਬ ਜਥੇਬੰਦਕ ਢਾਂਚੇ ਨੂੰ ਭੰਗ ਕਰਕੇ ਆਪਣੀ ਵੱਖਰੀ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਤਕ ਵੀ ਬਣਾ ਲਈ ਹੈ।
ਸੂਤਰਾਂ ਦੀ ਮੰਨੀਏ ਤਾਂ ਪੰਡੋਰੀ ਦੇ ਪਿਤਾ ਦੇ ਭੋਗ ਦੀ ਰਸਮ ਵਿੱਚ ਬਾਗ਼ੀ ਧਿਰ ਦੇ ਆਗੂਆਂ ਦੇ ਵੀ ਪਹੁੰਚਣ ਦੇ ਆਸਾਰ ਹਨ। ਭੋਗ ਮਗਰੋਂ ਕੇਜਰੀਵਾਲ ਤੇ ਸਿਸੋਦੀਆ ਪਾਰਟੀ ਵਿਧਾਇਕਾਂ ਅਤੇ ਸੂਬੇ ਦੀ ਮੁੱਖ ਲੀਡਰਸ਼ਿਪ ਨਾਲ ਮੌਜੂਦਾ ਹਾਲਾਤ ਬਾਰੇ ਸੰਗਰੂਰ ਵਿੱਚ ਮੀਟਿੰਗ ਕਰ ਸਕਦੇ ਹਨ।
ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ 24 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ, ਉੱਧਰ ‘ਆਪ’ ਦੇ ਵਿਧਾਇਕ ਦੋਫਾੜ ਹੋਏ ਪਏ ਹਨ। ਖਹਿਰਾ ਨਾਲ 7 ਤੇ ਪਾਰਟੀ ਹਾਈਕਮਾਨ ਨਾਲ 13 ਵਿਧਾਇਕ ਹਨ। ਮੌਨਸੂਨ ਸੈਸ਼ਨ ਵਿੱਚ ਪਹਿਲੀ ਵਾਰ ਖਹਿਰਾ ਦੀ ਥਾਂ ਵਿਰੋਧੀ ਧਿਰ ਦੇ ਆਗੂ ਬਣਾਏ ਹਰਪਾਲ ਸਿੰਘ ਚੀਮਾ ਵਿਧਾਨ ਸਭਾ ਵਿਚ ਕਮਾਨ ਸੰਭਾਲਣਗੇ।