ਅੰਮ੍ਰਿਤਸਰ: ਅਦਾਲਤ ਵੱਲੋਂ ਦੋਸ਼-ਮੁਕਤ ਕਰਾਰ ਤੋਂ ਬਾਅਦ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਪੰਥ 'ਚ ਮੁੜ ਵਾਪਸੀ ਲਈ ਅਕਾਲ ਤਖ਼ਤ ’ਤੇ ਮੁਆਫ਼ੀ ਲਈ ਪੱਤਰ ਭੇਜਿਆ ਹੈ। ਇਸ ਸਬੰਧੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 'ਚ ਫੈਸਲਾ ਲਿਆ ਜਾਵੇਗਾ।


ਦਰਅਸਲ, ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੀ ਇੱਕ ਔਰਤ ਨਾਲ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੰਗਾਹ ਨੂੰ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਦਿਆਂ ਪੰਥ ਵਿੱਚੋਂ ਛੇਕ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਲੰਗਾਹ ਖ਼ਿਲਾਫ਼ ਸਬੰਧਤ ਔਰਤ ਵੱਲੋਂ ਪੁਲਿਸ ਕੋਲ ਵੀ ਸ਼ਿਕਾਇਤ ਕੀਤੀ ਗਈ ਸੀ ਅਤੇ ਪੁਲਿਸ ਨੇ ਲੰਗਾਹ ਖਿਲਾਫ ਕੇਸ ਵੀ ਦਰਜ ਕੀਤਾ ਸੀ ਪਰ ਅਦਾਲਤ ਨੇ ਅਕਾਲੀ ਆਗੂ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ।


ਅਕਾਲ ਤਖ਼ਤ ਦੇ ਜਥੇਦਾਰ ਦੇ ਨਿੱਜੀ ਸਹਾਇਕ ਸਤਿੰਦਰਪਾਲ ਸਿੰਘ ਨੇ ਲੰਗਾਹ ਵੱਲੋਂ ਅਕਾਲ ਤਖ਼ਤ ਕੋਲ ਪੰਥ ਵਿੱਚ ਵਾਪਸੀ ਲਈ ਭੇਜੇ ਗਏ ਮੁਆਫ਼ੀ ਪੱਤਰ ਮਿਲਣ ਦੀ ਪੁਸ਼ਟੀ ਕੀਤੀ ਗਈ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਇਸ ਪੱਤਰ ਬਾਰੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰ ਕੀਤਾ ਜਾਵੇਗਾ।