ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ 20 ਅਗਸਤ ਨੂੰ ਹੋਣ ਵਾਲਾ ਪੀਪਲਜ਼ ਮਾਰਚ ਮੁਲਤਵੀ ਕਰ ਦਿੱਤਾ ਹੈ। ਇਹ ਮਾਰਚ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ, ਕੋਟਕਪੁਰਾ ਤੇ ਬਹਿਬਲ ਕਲਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਸਬੰਧੀ ਪੁਖਤਾ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਕਰਾਇਆ ਜਾਣਾ ਸੀ। ਪਾਰਟੀ ਬੁਲਾਰੇ ਕੰਵਰ ਸੰਧੂ ਨੇ ਕਿਹਾ ਕਿ ਜੇ ਇਸ ਮੁੱਦੇ ’ਤੇ ਵਰਖਾ ਰੁੱਤ ਦੇ ਇਜਲਾਸ ਵਿੱਚ ਕੋਈ ਹੱਲ ਨਹੀਂ ਕੱਢਿਆ ਜਾਂਦਾ ਤਾਂ ਮਾਰਚ ਲਈ ਨਵੀਂ ਮਿਤੀ ਦਾ ਐਲਾਨ ਕੀਤਾ ਜਾਵੇਗਾ।
ਪਾਰਟੀ ਦੇ ਬੁਲਾਰੇ ਕੰਵਰ ਸੰਧੂ ਨੇ ਕਿਹਾ ਕਿ ਮਾਰਚ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਪੰਜਾਬ ਵਿਧਾਨ ਸਭਾ ਦੇ ਇਜਲਾਸ ਤਹਿਤ ਲਿਆ ਗਿਆ ਹੈ ਜੋ 24 ਤੋਂ 28 ਅਗਸਤ ਐਲਾਨਿਆ ਗਿਆ ਹੈ। ਇਸ ਮਾਰਚ ਦਾ ਐਲਾਨ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਸੀ। ਇਸਦਾ ਮਕਸਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ 2015 ਵਿੱਚ ਬਹਿਬਲ ਕਲਾਂ ਵਿੱਚ ਹੋਈ ਪੁਲਿਸ ਫਾਇਰਿੰਗ ਦੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਕੀਤਾ ਗਿਆ ਸੀ।
ਕੰਵਰ ਸੰਧੂ ਨੇ ਕਿਹਾ ਕਿ ਜ਼ਿਲ੍ਹਾ ਪੱਧਰ 'ਆਪ' ਵਾਲੰਟੀਅਰਸ ਕਨਵੈਂਸ਼ਨ ਨੂੰ ਫਰੀਦਕੋਟ ਦੇ ਕੋਟਕਪੁਰਾ ਵਿਖੇ 22 ਅਗਸਤ ਨੂੰ ਪਹਿਲੇ ਫੈਸਲੇ ਅਨੁਸਾਰ ਹੀ ਕਰਾਈ ਜਾਏਗੀ। ਇਸ ਦਾ ਪ੍ਰਬੰਧ ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਆਪਣੀ ਦੇਖ-ਰੇਖ ਹੇਠ ਕਰ ਰਹੇ ਹਨ।
ਸੰਧੂ ਨੇ ਕਿਹਾ ਕਿ ਜੋ ਆਗਾਮੀ ਵਰਖਾ ਰੁੱਤ ਦਾ ਢਾਈ ਦਿਨਾਂ ਦਾ ਇਜਲਾਸ ਹੋਣਾ ਹੈ, ਇਹ ਸਿਰਫ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੇ ਬਰਾਬਰ ਹੈ। ਇਜਲਾਸ ਵਿੱਚ ਜੋ ਸਮਾਂ ਸਾਨੂੰ ਮਿਲੇਗਾ, ਅਸੀਂ ਉਸ ਵਿੱਚ ਪਹਿਲੀ ਤੇ ਮੌਜੂਦਾ ਸਰਕਾਰ ਨੂੰ ਜਸਟਿਸ ਰਣਜੀਤ ਸਿੰਘ ਰਿਪੋਰਟ ਉੱਪਰ ਕਰੜੇ ਹੱਥੀ ਲਵਾਂਗੇ। ਆਮ ਆਦਮੀ ਪਾਰਟੀ ਨੇ ਇਸ ਰਿਪੋਰਟ ਲਈ ਇੱਕ ਸਪੈਸ਼ਲ ਇਜਲਾਸ ਦੀ ਮੰਗ ਕੀਤੀ ਸੀ। ਸੰਧੂ ਨੇ ਕਿਹਾ ਕਿ ਜੇ ਇਸ ਮੁੱਦੇ ’ਤੇ ਸੈਸ਼ਨ ਵਿੱਚ ਕੋਈ ਹੱਲ ਨਹੀਂ ਕੱਢਿਆ ਜਾਂਦਾ ਤਾਂ 'ਪੀਪਲਜ਼ ਮਾਰਚ' ਦੀ ਨਵੀਂ ਮਿਤੀ ਦਾ ਐਲਾਨ ਕੀਤਾ ਜਾਵੇਗਾ। ਕੁਝ ਸਿੱਖ ਸੰਗਠਨ ਪਹਿਲੀ ਜੂਨ ਤੋਂ ਬਰਗਾੜੀ ਵਿੱਚ ਪੁਲਿਸ ’ਤੇ ਸਖਤ ਕਾਰਵਾਈ ਤੇ ਬੇਅਦਬੀ ਦੇ ਮਾਮਲਿਆਂ ਸਬੰਧੀ ਕੋਈ ਕਾਰਵਾਈ ਨਾ ਹੋਣ ਕਰਨ ਧਰਨੇ ’ਤੇ ਪਹਿਲਾਂ ਹੀ ਬੈਠੇ ਹੋਏ ਹਨ।
ਪਿਛਲੀ ਸ਼੍ਰੋਮਣੀ ਤੇ ਬੀਜੇਪੀ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਬੋਲਦਿਆਂ ਸੰਧੂ ਨੇ ਕਿਹਾ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਤੇ ਪੁਲਿਸ ਫਾਇਰਿੰਗ ਵਿੱਚ ਮਾਰੇ ਗਏ ਦੋ ਨੌਜਵਾਨਾਂ ਦੇ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕੇ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਪੁਲਿਸ ਫਾਇਰਿੰਗ ਲਈ ਕਈ ਪੁਲਿਸ ਅਧਿਕਾਰੀਆਂ ਤੇ ਪੁਰਾਣੀ ਸਰਕਾਰ ਦੇ ਪ੍ਰਮੁੱਖ ਅਹੁਦੇਦਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਐਸਆਈਟੀ ਨੇ ਵੀ ਬੇਅਦਬੀ ਦੇ ਸੰਵੇਦਨਸ਼ੀਲ ਮਾਮਲੇ ਸਬੰਧੀ ਦੋਸ਼ੀਆਂ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਦੋਵਾਂ ਰਿਪੋਰਟਾਂ ’ਤੇ ਕਾਰਵਾਈ ਨਾ ਕਰਦਿਆਂ ਇਨ੍ਹਾਂ ਨੂੰ ਸੀਬੀਆਈ ਦੇ ਹਵਾਲੇ ਕਰ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।