ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਸਦ ਮੈਂਬਰਾਂ ਨੂੰ ਇੱਕ-ਇੱਕ ਪਿੰਡ ਗੋਦ ਲੈਣ ਲਈ ਕਹੇ ਜਾਣ ਬਾਅਦ ਫੰਡ ਦੇ ਨਾਂ 'ਤੇ ਕੁਝ ਨਹੀਂ ਦਿੱਤਾ ਗਿਆ। ਇਸ ਨਾਲ ਲੋਕ ਪ੍ਰਧਾਨ ਮੰਤਰੀ ਤੋਂ ਤਾਂ ਖਫਾ ਹੋਏ ਹੀ, ਪਰ ਉਸ ਸੰਸਦ ਮੈਂਬਰ ਤੋਂ ਵੀ ਨਾਰਾਜ਼ ਹਨ, ਜਿਸ ਨੇ ਪਿੰਡ ਗੋਦ ਲੈਣ ਪਿੱਛੋਂ ਉਸ ਦੀ ਕੋਈ ਸਾਰ ਨਹੀਂ ਲਈ।

ਲੁਧਿਆਣਾ ਦੇ ਕਾਂਗਰਸੀ ਐਮਪੀ ਰਵਨੀਤ ਬਿੱਟੂ ਨੇ ਆਪਣੇ ਖੇਤਰ ਦਾ ਪਿੰਡ ਈਸੇਵਾਲ ਗੋਦ ਲਿਆ। ਪਿੰਡ ਦੇ ਹਾਲਾਤ ਬਹੁਤ ਮਾੜੇ ਹਨ। ਨਾ ਇਸ ਲਈ ਕੋਈ ਗ੍ਰਾਂਟ ਆਈ ਤੇ ਨਾ ਵਿਕਾਸ ਸਬੰਧੀ ਕੋਈ ਕੰਮ ਹੋਇਆ। ਲੋਕ ਆਗਾਮੀ ਚੋਣਾਂ ਵਿੱਚ ਇਸ ਦਾ ਬਦਲਾ ਲੈਣ ਦੀ ਗੱਲ ਕਹਿ ਰਹੇ ਹਨ। 'ਏਬੀਪੀ ਸਾਂਝਾ' ਦੀ ਟੀਮ ਨੇ ਇਸ ਪਿੰਡ ਦਾ ਦੌਰਾ ਕੀਤਾ ਤੇ ਹਾਲਾਤ ਦਾ ਜਾਇਜ਼ਾ ਲਿਆ।

ਲੁਧਿਆਣਾ ਤੋਂ 12 ਤੇ ਮੁੱਲਾਂਪੁਰ ਤੋਂ 8 ਕਿਲੋਮੀਟਰ ਦੂਰ ਸ਼ਹੀਦਾਂ ਦੇ ਪਿੰਡ ਈਸੇਵਾਲ ਵਿੱਚ ਕਰੀਬ 1400 ਵੋਟਰ ਹਨ ਪਰ ਇਸ 'ਤੇ ਪੀਐਮ ਮੋਦੀ ਦੀ ਸਕੀਮ ਦਾ ਕੋਈ ਅਸਰ ਨਹੀਂ ਹੋਇਆ। ਪਿੰਡ ਵਿੱਚੋਂ ਕੋਈ ਬੱਸ ਨਹੀਂ ਲੰਘਦੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਐਮਪੀ ਬਿੱਟੂ ਨੇ ਕਿਹਾ ਸੀ ਕਿ 20 ਲੱਖ ਰੁਪਏ ਗ੍ਰਾਂਟ ਦੇਣਗੇ ਪਰ ਦਿੱਤੀ ਨਹੀਂ। ਅਕਾਲੀ ਦਲ ਦੀ ਸਰਕਾਰ ਵੇਲੇ ਬਣੀਆਂ ਸੜਕਾਂ ਠੀਕ ਹਨ ਪਰ ਹੁਣ ਉਨ੍ਹਾਂ ਦੀ ਵੀ ਮੁਰੰਮਤ ਨਹੀਂ ਹੁੰਦੀ।

ਇਸ ਪਿੰਡ ਵਿੱਚ ਕਰੀਬ 1800 ਤੋਂ ਜ਼ਿਆਦਾ ਲੋਕ ਵੱਸਦੇ ਹਨ। ਹਰ ਘਰ ਵਿੱਚ ਐਨਆਰਆਈ ਹੈ ਪਰ ਪਿੰਡ ਨੂੰ ਜਾਣ ਲਈ ਕੋਈ ਟਰਾਂਸਪੋਰਟ ਨਹੀਂ। ਪਿਛਲੇ ਅਕਾਲੀ ਵਿਧਾਇਕ ਮਨਪ੍ਰੀਤ ਇਆਲੀ ਨੇ ਕਿਹਾ ਸੀ ਕਿ 70 ਲੱਖ ਖਰਚ ਚੁੱਕਿਆ ਹੈ, ਪਰ ਪਿੰਡ ਦੀ ਹਾਲਤ ਉਵੇਂ ਦੀ ਉਵੇਂ ਹੀ ਹੈ। ਪਿੰਡ ਦੇ ਬਹੁਤ ਸਾਰੇ ਲੋਕ ਬੱਸਾਂ ਦੀ ਪ੍ਰੇਸ਼ਾਨੀ 'ਤੇ ਜ਼ੋਰ ਦਿੰਦੇ ਹਨ। ਜੇ ਪਿੰਡ ਤੋਂ ਬਾਹਰ ਜਾਣਾ ਹੋਵੇ ਤਾਂ ਗਰੀਬਾਂ ਨੂੰ ਲੋਕਾਂ ਤੋਂ ਬਾਇਕ ਮੰਗਣੀ ਪੈਂਦੀ ਹੈ। ਬੱਸ ਸੇਵਾ ਨਾ ਹੋਣ ਕਰਕੇ ਪਿੰਡੋਂ ਬਾਹਰ ਜਾਂਦੀਆਂ ਕੁੜੀਆਂ ਨੂੰ ਵੀ ਬਹੁਤ ਪ੍ਰੇਸ਼ਾਨੀ ਹੁੰਦੀ ਹੈ।

ਪਿੰਡ ਵਾਸੀ ਨੇ ਦੱਸਿਆ ਕਿ ਕਮਲਜੀਤ ਸਿੰਘ ਨੇ ਆਪਣੀ ਗ੍ਰਾਂਟ ਵਿੱਚੋਂ 15 ਲੱਖ ਰੁਪਏ ਦਿੱਤੇ ਜਿਸ ਵਿੱਚੋਂ 10 ਲੱਖ ਰੁਪਏ ਸੀਵਰੇਜ 'ਤੇ ਲੱਗੇ ਤੇ 5 ਲੱਖ ਨਾਲ ਮਿਡਲ ਸਕੂਲ ਦੀ ਛੱਤ ਪਾਈ ਗਈ ਪਰ ਮੋਦੀ ਸਰਕਾਰ ਨੇ ਕੋਈ ਗ੍ਰਾਂਟ ਨਹੀਂ ਦਿੱਤੀ। ਪਿੰਡ ਦੇ ਸਕੂਲ ਵਿੱਚ ਅਧਿਆਪਕਾਂ ਦੀ ਗਿਣਤੀ ਘੱਟ ਹੈ। ਲੋਕਾਂ ਨੇ ਨਿੱਜੀ ਤੌਰ 'ਤੇ ਅਧਿਆਪਕ ਰੱਖੇ ਹਨ। ਪਾਣੀ ਘਰਾਂ ਅੰਦਰ ਚਲਾ ਜਾਂਦਾ ਹੈ ਪਰ ਕੋਈ ਵੇਖਣ ਵਾਲਾ ਨਹੀਂ। ਲੋਕਾਂ ਵਿੱਚ ਪਿੰਡ ਗੋਦ ਲੈਣ ਵਾਲੇ ਐਮਪੀ ਰਵਨੀਤ ਬਿੱਟੂ ਲਈ ਰੋਸ ਹੈ ਤੇ ਬਿੱਟੂ ਪ੍ਰਧਾਨ ਮੰਤਰੀ ਮੋਦੀ 'ਤੇ ਰੋਸ ਜਤਾ ਰਹੇ ਹਨ।