ਅੰਮ੍ਰਿਤਸਰ: ਪੰਜਾਬ ਦੇ ਕੈਬਨਿਟ ਮੰਤਰੀ ਤੇ ਸਾਬਕਾ ਭਾਰਤੀ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਬੀਜੇਪੀ ਤੇ ਸ਼ਿਵ ਸੈਨਾ ਦੇ ਵਿਰੋਧ ਦੇ ਬਾਵਜੂਦ ਬਾਅਦ ਦਪਹਿਰ ਕਰੀਬ ਤਿੰਨ ਵਜੇ ਵਾਹਘਾ ਸਰਹੱਦ ਰਾਹੀਂ ਪਾਕਿਸਤਾਨ ਲਈ ਰਵਾਨਾ ਹੋ ਗਏ। ਸਿੱਧੂ ਪਾਕਿਸਤਾਨ ਦੇ ਨਵੇਂ ਬਣਨ ਜਾ ਰਹੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸੱਦੇ 'ਤੇ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਾਕਿਸਤਾਨ ਗਏ ਹਨ।
ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਇਮਰਾਨ ਦੀ ਤਾਰੀਫ ਕਰਦਿਆਂ ਕਿਹਾ ਕਿ ਉਹ ਭਾਈਚਾਰਕ ਸਾਂਝ ਨੂੰ ਲੈ ਕੇ ਪਾਕਿਸਤਾਨ ਜਾ ਰਹੇ ਹਨ। ਉਹ ਆਸ ਕਰਦੇ ਹਨ ਕਿ ਦੋਵਾਂ ਦੇਸ਼ਾਂ ਦੇ ਸਬੰਧ ਮਜ਼ਬੂਤ ਹੋਣ। ਇਸ ਮੌਕੇ ਸਿੱਧੂ ਨੇ ਸਾਬਕਾ ਪਾਕਿਸਤਾਨੀ ਕਪਤਾਨ ਇਮਰਾਨ ਖਾਨ ਵੱਲੋਂ ਉਨ੍ਹਾਂ ਨੂੰ ਦਿੱਤੇ ਵਿਸ਼ੇਸ਼ ਸੱਦੇ ਦਾ ਧੰਨਵਾਦ ਵੀ ਕੀਤਾ।
ਸਿੱਧੂ ਨੇ ਕਿਹਾ ਕਿ ਉਨ੍ਹਾਂ ਲਈ ਇਹ ਬਹੁਤ ਫਖ਼ਰ ਵਾਲੀ ਗੱਲ ਹੈ ਕਿ ਇਮਰਾਨ ਖਾਨ ਨੇ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਸੱਦਾ ਦਿੱਤਾ। ਇਸ ਮੌਕੇ ਉਨ੍ਹਾਂ ਕੋਈ ਹੋਰ ਸਿਆਸੀ ਗੱਲਬਾਤ ਨਹੀਂ ਕੀਤੀ। ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ 'ਤੇ ਕਿ ਕੁਝ ਲੋਕ ਉਨ੍ਹਾਂ ਦੀ ਇਸ ਫੇਰੀ ਦਾ ਵਿਰੋਧ ਕਰ ਰਹੇ ਹਨ ਤਾਂ ਉਨ੍ਹਾਂ ਟਾਲਦਿਆਂ ਕਿਹਾ ਕਿ ਉਹ ਇਸ ਬਾਰੇ ਕੁਝ ਨਹੀਂ ਕਹਿਣਗੇ।
ਪਾਕਿਸਤਾਨ ਦਾਖਲ ਹੁੰਦਿਆਂ ਸਿੱਧੂ ਕਾਫੀ ਖੁਸ਼ ਨਜ਼ਰ ਆ ਰਹੇ ਸਨ। ਵਾਹਘਾ ਸਰਹੱਦ ਦੇ ਦੂਜੇ ਪਾਸੇ ਪਾਕਿਸਤਾਨੀ ਮੀਡੀਆ ਵੀ ਨਵਜੋਤ ਸਿੱਧੂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਸੀ ਤੇ ਉਧਰਲੇ ਪਾਸੇ ਵੀ ਮੀਡੀਆ ਦੇ ਨਾਲ ਨਵਜੋਤ ਸਿੱਧੂ ਨੇ ਗੱਲਬਾਤ ਕੀਤੀ।