ਲੁਧਿਆਣਾ: ਆਤਮ ਪਾਰਕ ਚੌਂਕ ਵਿੱਚ ਬੀਤੇ ਦਿਨ ਸਿੰਡੀਕੇਟ ਦੀ ਓਵਰ ਸਪੀਡ ਬੱਸ ਦੀ ਬ੍ਰੇਕ ਫੇਲ੍ਹ ਹੋਣ ਕਾਰਨ ਬੱਸ ਸਕੂਟੀ ਨਾਲ ਜਾ ਟਕਰਾਈ। ਇਸ ਹਾਦਸੇ ਨਾਲ ਸਕੂਟੀ ਚਾਲਕ ਡਿੱਗ ਗਿਆ ਤੇ ਉਸ ਦਾ ਸਿਰ ਬੱਸ ਦੇ ਅਗਲੇ ਪਹੀਏ ਹੇਠਾਂ ਆ ਕੇ ਕੁਚਲਿਆ ਗਿਆ। ਇਸ ਪਿੱਛੋਂ ਬੱਸ ਨੇ ਇੱਕ ਹੋਰ ਐਕਟਿਵਾ ਨੂੰ ਟੱਕਰ ਮਾਰੀ ਜਿਸ ਨਾਲ ਐਕਟਿਵਾ ਸਵਾਰ ਦੂਰ ਜਾ ਡਿੱਗਾ। ਬੱਸ ਦੀ ਰਫਤਾਰ ਏਨੀ ਤੇਜ਼ ਸੀ ਕਿ ਦੋ ਸਕੂਟੀਆਂ ਨੂੰ ਟੱਕਰ ਮਾਰਨ ਪਿੱਛੋਂ ਬੱਸ ਨੇ ਫਿਰ ਇੱਕ ਸਵਾਰੀਆਂ ਨਾਲ ਭਰੇ ਆਟੋ ਨੂੰ ਵੀ ਨਹੀਂ ਛੱਡਿਆ। ਇਸ ਹਾਦਸੇ ਵਿੱਚ ਬੱਸ ਦੇ ਟਾਇਰ ਹੇਠਾਂ ਆਉਣ ਵਾਲੇ ਐਕਟਿਵਾ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਤੇਜ਼ ਰਫਤਾਰ ਸਿੰਡੀਕੇਟ ਬੱਸ ਵਿੱਚ ਕਰੀਬ 10 ਸਵਾਰੀਆਂ ਬੈਠੀਆਂ ਸਨ। ਹਾਦਸੇ ਵਿੱਚ ਦੂਜੇ ਐਕਟਿਵਾ ਸਵਾਰ, ਆਟੋ ਡਰਾਈਵਰ ਤੇ ਆਟੋ ’ਚ ਸਵਾਰ 5 ਸਵਾਰੀਆਂ ਗੰਭੀਰ ਜ਼ਖ਼ਮੀ ਹੋਈਆਂ ਹਨ।
ਹਾਦਸੇ ਵਿੱਚ ਮਰਨ ਵਾਲੇ ਸਕੂਟੀ ਸਵਾਰ ਨੌਜਵਾਨ ਦੀ ਪਛਾਣ ਮਨੋਜ ਕੁਮਾਰ ਜੋਸ਼ੀ ਵਜੋਂ ਹੋਈ ਹੈ ਜੋ ਸ਼ਿਵਾ ਜੀ ਨਗਰ ਦਾ ਰਹਿਣ ਵਾਲਾ ਸੀ। ਉਸ ਦੇ ਇੱਕ ਦੋਸਤ ਨੇ ਦੱਸਿਆ ਕਿ ਉਸ ਦਾ ਇੱਕ ਬੇਟਾ ਵੀ ਹੈ ਤੇ ਪਤਨੀ ਨੂੰ ਤਣਾਓ ਦੀ ਬਿਮਾਰੀ ਹੈ। ਉਹ ਵੱਖ-ਵੱਖ ਫੈਕਟਰੀਆਂ ਵਿੱਚ ਅਕਾਊਂਟਸ ਦਾ ਕੰਮ ਕਰਦਾ ਸੀ।
ਮੌਕੇ ’ਤੇ ਗੁੱਸੇ ’ਚ ਆਈ ਭੀੜ ਨੇ ਬੱਸ ਡਰਾਈਵਰ ਦੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਬੱਸ ਡਰਾਈਵਰ ਦੀ ਪਛਾਣ ਕਰਮ ਸਿੰਘ ਵਾਸੀ ਮੋਗਾ ਵਜੋਂ ਹੋਈ ਹੈ। ਪੁਲਿਸ ਨੇ ਬੱਸ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।