ਸਮਰਾਲਾ: ਮੰਗਲਵਾਰ ਸਵੇਰੇ ਇੱਥੋਂ ਦੇ ਥਾਣੇ ’ਚ ਗੋਲ਼ੀ ਚੱਲਣ ਨਾਲ ਹਵਾਲਾਤੀ ਦੀ ਮੌਤ ਹੋਣ ਦੀ ਖ਼ਬਰ ਹੈ। ਪੁਲਿਸ ਦਾ ਦਾਅਵਾ ਹੈ ਕਿ ਹਵਾਲਾਤੀ ਨੇ ਖ਼ੁਦਕੁਸ਼ੀ ਕੀਤੀ ਹੈ। ਮ੍ਰਿਤਕ ਦੀ ਪਛਾਣ ਨਿਰਦੀਪ ਸਿੰਘ (45) ਵਾਸੀ ਪਿੰਡ ਮੰਜਾਲੀ ਕਲਾਂ ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਮੰਜਾਲੀ ਕਲਾਂ ਦੇ ਨਿਰਦੀਪ ਸਿੰਘ ਨੂੰ ਨਸ਼ੀਲੀਆਂ ਗੋਲ਼ੀਆਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਮੰਗਲਵਾਰ ਸਵੇਰੇ ਕਰੀਬ ਸਾਢੇ 11 ਵਜੇ ਥਾਣੇ ਦੇ ਅੰਦਰ ਹੀ ਨਿਰਦੀਪ ਸਿੰਘ ਦੀ ਪੁੜਪੁੜੀ ’ਤੇ ਗੋਲ਼ੀ ਲੱਗਣ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਐਸ.ਪੀ. (ਡੀ) ਜਸਵੀਰ ਸਿੰਘ ਨੇ ਇਸ ਨੂੰ ਖ਼ੁਦਕਸ਼ੀ ਦਾ ਮਾਮਲਾ ਦੱਸਦੇ ਹੋਏ ਕਿਹਾ ਕਿ ਹਵਾਲਾਤੀ ਨਿਰਦੀਪ ਸਿੰਘ ਤੋਂ ਤਫਸ਼ੀਸ਼ੀ ਅਫ਼ਸਰ ਆਪਣੇ ਕਮਰੇ ਵਿੱਚ ਪੁੱਛਗਿੱਛ ਕਰ ਰਿਹਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਅਚਾਨਕ ਜਦ ਅਫ਼ਸਰ ਦੇ ਆਪਣੇ ਕਮਰੇ ਵਿੱਚੋਂ ਬਾਹਰ ਗਿਆ ਤਾਂ ਪਿੱਛੋਂ ਹਵਾਲਾਤੀ ਨਿਰਦੀਪ ਸਿੰਘ ਨੇ ਉਨ੍ਹਾਂ ਦੇ ਦਰਾਜ ਵਿੱਚ ਪਈ ਸਰਕਾਰੀ ਰਿਵਾਲਵਰ ਕੱਢ ਕੇ ਖ਼ੁਦ ਨੂੰ ਪੁੜਪੁੜੀ ’ਤੇ ਗੋਲ਼ੀ ਮਾਰ ਲਈ। ਇਸ ਘਟਨਾ ਦੀ ਜੁਡੀਸ਼ੀਅਲ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ ਤੇ ਪੜਤਾਲ ਲਈ ਐਫਐਸਐਲ ਟੀਮ ਵੀ ਆ ਰਹੀ ਹੈ।