6500 ਦਾ ਮੋਬਾਈਲ ਲੱਭਣ ਲਈ ਸਾਢੇ ਤਿੰਨ ਲੱਖ ਖਰਚੇ, ਹਰਪ੍ਰੀਤ ਹੁਣ ਮੁੜ ਕਰੇਗਾ 'ਕੇਸ'
ਏਬੀਪੀ ਸਾਂਝਾ | 26 Jun 2018 12:43 PM (IST)
ਬਠਿੰਡਾ: ਆਰਟੀਆਈ ਕਾਰਕੁਨ ਹਰਪ੍ਰੀਤ ਸਿੰਘ ਮਹਿਮੀ ਨੇ ਢਾਈ ਸਾਲ ਪਹਿਲਾਂ ਗੁਆਚਿਆ ਮੋਬਾਈਲ ਹੁਣ ਵਾਪਸ ਪਾ ਲਿਆ ਹੈ। 45 ਸਾਲਾ ਮਹਿਮੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ 6500 ਰੁਪਏ ਦੀ ਕੀਮਤ ਦੇ ਮੋਬਾਈਲ ਨੂੰ ਲੱਭਣ ਲਈ ਤਕਰੀਬਨ ਸਾਢੇ ਤਿੰਨ ਲੱਖ ਰੁਪਏ ਖਰਚਾ ਆਇਆ। ਆਰਟੀਆਈ ਕਾਰਕੁਨ ਨੇ ਨਿਆਂ ਪ੍ਰਾਪਤੀ ਲਈ ਕੀਤੇ ਖਰਚੇ ਦੀ ਭਰਪਾਈ ਤੇ ਪੁਲਿਸ ਵੱਲੋਂ ਮਿਲੀਆਂ 'ਧਮਕੀਆਂ' ਵਿਰੁੱਧ ਨਵੇਂ ਸਿਰੇ ਤੋਂ ਕਾਨੂੰਨੀ ਜੰਗ ਛੇੜ ਦਾ ਵਿਚਾਰ ਹੈ। ਜਲਾਲਾਬਾਦ ਦੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅਕਤੂਬਰ 2015 ਵਿੱਚ ਉਨ੍ਹਾਂ ਦੀ ਦੁਕਾਨ ਤੋਂ ਉਨ੍ਹਾਂ ਸੈਮਸੰਗ ਮੋਬਾਈਲ ਚੋਰੀ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਪੁਲਿਸ ਨੇ ਇਸ ਸਬੰਧੀ ਸ਼ਿਕਾਇਤ ਦਰਜ ਨਹੀਂ ਕੀਤੀ, ਇਸ ਤੋਂ ਬਾਅਦ ਜੁਡੀਸ਼ੀਅਲ ਮੈਜਿਸਟ੍ਰੇਟ ਕੇਡੀ ਸਿੰਗਲਾ ਦੇ ਹੁਕਮਾਂ ਤੋਂ ਬਾਅਦ ਪੁਲਿਸ ਨੇ ਕੇਸ ਦਰਜ ਕੀਤਾ। ਮਹਿਮੀ ਮੁਤਾਬਕ ਪੁਲਿਸ ਨੇ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਤੇ ਦੋ ਦਿਨਾਂ ਵਿੱਚ ਹੀ ਕੇਸ ਰੱਦ ਕਰ ਦਿੱਤਾ। ਜਦ ਪੁਲਿਸ ਦੇ ਕਈ ਸੀਨੀਅਰ ਅਧਿਕਾਰੀਆਂ ਨਾਲ ਮਿਲਣ ਦੇ ਬਾਵਜੂਦ ਕੋਈ ਰਾਹਤ ਨਾ ਮਿਲੀ ਤਾਂ ਸਾਲ 2016 ਵਿੱਚ ਉਨ੍ਹਾਂ ਪੰਜਾਬ ਹਰਿਆਣਾ ਹਾਈਕੋਰਟ ਕੋਲ ਇਨਸਾਫ਼ ਦੀ ਗੁਹਾਰ ਲਾਈ। ਇਸ ਤੋਂ ਬਾਅਦ ਏਆਈਜੀ ਅਪਰਾਧ (ਬਠਿੰਡਾ) ਨੇ ਜਾਂਚ ਅਧਿਕਾਰੀ ਕਸ਼ਮੀਰ ਸਿੰਘ ਤੇ ਹੈੱਡ ਕਾਂਸਟੇਬਲ ਭਜਨ ਸਿੰਘ ਵਿਰੁੱਧ ਪੜਤਾਲ ਕੀਤੀ ਤੇ ਵਿਭਾਗੀ ਕਾਰਵਾਈ ਦੀ ਸਿਫਾਰਿਸ਼ ਵੀ ਕੀਤੀ। ਅੱਗੇ ਜਾ ਕੇ ਸ਼ਿਕਾਇਤਕਰਤਾ ਨੂੰ ਹੀ ਇੱਕ ਹੋਰ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ। ਮਹਿਮੀ 7 ਜੁਲਾਈ 2017 ਨੂੰ ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਨੂੰ ਮਿਲੇ ਤੇ ਉਨ੍ਹਾਂ ਨਵੇਂ ਸਿਰੇ ਤੋਂ ਜਾਂਚ ਸ਼ੁਰੂ ਕਰਨ ਦੇ ਹੁਕਮ ਦਿੱਤੇ। ਇਸੇ ਦੌਰਾਨ ਫਾਜ਼ਿਲਕਾ ਦੇ ਪੁਲਿਸ ਕਪਤਾਨ (ਪੜਤਾਲ) ਮੁਖਤਿਆਰ ਸਿੰਘ ਨੇ ਹਰਪ੍ਰੀਤ ਦਾ ਮੋਬਾਈਲ ਜਲਾਲਾਬਾਦ ਦੇ ਸਿਵਲ ਹਸਪਤਾਲ ਵਿੱਚ ਚੌਥਾ ਦਰਜਾ ਮੁਲਾਜ਼ਮ ਯੌਵਨ ਕੁਮਾਰ ਪਾਸੋਂ ਬਰਾਮਦ ਕਰ ਲਿਆ, ਜਿਸ ਨੂੰ ਬੀਤੀ 21 ਜੂਨ ਨੂੰ ਅਦਾਲਤ ਵਿੱਚ ਹਰਪ੍ਰੀਤ ਨੂੰ ਸੌਂਪਿਆ ਗਿਆ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਹ ਲੜਾਈ ਗੁਆਚੇ ਮੋਬਾਈਲ ਖਾਤਰ ਨਹੀਂ ਬਲਕਿ ਇਨਸਾਫ਼ ਦੀ ਪ੍ਰਾਪਤੀ ਲਈ ਲੜੀ ਸੀ। 6500 ਰੁਪਏ ਦੇ ਫ਼ੋਨ ਲਈ 3,50,000 ਰੁਪਏ ਖਰਚਣ ਵਾਲੇ ਆਰਟੀਆਈ ਕਾਰਕੁਨ ਹੁਣ ਮੁਆਵਜ਼ੇ ਲਈ ਨਵੇਂ ਸਿਰੇ ਤੋਂ ਪਟੀਸ਼ਨ ਪਾਉਣ ਦਾ ਵਿਚਾਰ ਕਰ ਰਿਹਾ ਹੈ।