ਚੰਡੀਗੜ੍ਹ: ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਝੋਨੇ ਦੀ ਧੜਾਧੜ ਆਮਦ ਤੋਂ ਬਾਅਦ ਫਸਲ ਨੂੰ ਪੱਖਾ ਲਾਉਣ ਕਾਰਨ ਉੱਡ ਰਹੀ ਧੂੜ ਤੋਂ ਪੈਦਾ ਹੋਏ ਹਵਾ ਪ੍ਰਦੂਸ਼ਣ ਕਾਰਨ ਮੰਡੀਆਂ ਨੇੜਲੀ ਹਵਾ ਲਗਾਤਾਰ ਦੂਸ਼ਿਤ ਹੋ ਰਹੀ ਹੈ। ਇਸ ਬਾਰੇ ਪੰਜਾਬ ਦੀਆਂ 9 ਵੱਡੀਆਂ ਅਨਾਜ ਮੰਡੀਆਂ ਦੀ ਹਵਾ ਦੀ ਗੁਣਵੱਤਾ ਦਾ ਅਧਿਐਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕਰਵਾਇਆ ਗਿਆ ਹੈ। ਇਨ੍ਹਾਂ 'ਚ ਖੰਨਾ, ਜਗਰਾਂਓ, ਅੰਮ੍ਰਿਤਸਰ, ਜਲੰਧਰ, ਪਟਿਆਲਾ, ਬਠਿੰਡਾ, ਕੋਟਕਪੂਰਾ, ਧਨੌਲਾ ਤੇ ਮਲੇਰਕੋਟਲਾ ਦੀਆਂ ਅਨਾਜ ਮੰਡੀਆਂ ਸ਼ਾਮਲ ਹਨ।

ਹਵਾ ਵਿੱਚ ਧੂੜ ਦੇ ਕਣਾਂ ਦੀ ਮਾਤਰਾ ਤੈਅ ਹੱਦ 100 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਕਿਤੇ ਜ਼ਿਆਦਾ 5 ਤੋਂ 8 ਗੁਣਾਂ ਤੱਕ ਰਿਕਾਰਡ ਕੀਤੀ ਗਈ। ਇਸ ਦਾ ਸਿੱਧਾ ਅਸਰ ਮੰਡੀਆਂ ਵਿਚ ਕੰਮ ਕਰ ਰਹੇ ਮਜ਼ਦੂਰਾਂ, ਕਿਸਾਨਾਂ ਤੇ ਇੱਥੋਂ ਤੱਕ ਕਿ ਆੜ੍ਹਤੀਆਂ, ਦੁਕਾਨਦਾਰਾਂ ਤੇ ਮੰਡੀਆਂ ਦੇ ਨੇੜਲੇ ਵਸਨੀਕਾਂ ਆਦਿ ਦੀ ਸਿਹਤ 'ਤੇ ਪੈ ਰਿਹਾ ਹੈ।

ਇੰਨੀ ਵੱਡੀ ਮਾਤਰਾ ਵਿੱਚ ਮੰਡੀਆਂ ਵਿੱਚ ਪੈਦਾ ਹੋ ਰਹੇ ਧੂੜ ਦੇ ਕਣਾਂ ਕਾਰਨ ਅੱਖਾਂ, ਸਾਹ ਦੀਆਂ ਬਿਮਾਰੀਆਂ, ਫੇਫੜਿਆਂ ਤੇ ਸਿੱਧਾ ਅਸਰ ਤੇ ਫੇਫੜਿਆਂ ਦੀ ਆਕਸੀਜਨ ਲੈਣ ਦੀ ਸਮਰੱਥਾ ਘਟਾਉਣਾ ਆਮ ਵਰਤਾਰਾ ਬਣਦਾ ਜਾ ਰਿਹਾ ਹੈ। ਇਸ ਨੂੰ ਇੱਕ ਵੱਡੀ ਚਿੰਤਾ ਦਾ ਵਿਸ਼ਾ ਮੰਨਦਿਆਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ ਨੇ ਸਕੱਤਰ, ਮੰਡੀਕਰਨ ਬੋਰਡ ਨੂੰ ਪੱਤਰ ਲਿਖ ਕੇ, ਅਨਾਜ ਮੰਡੀਆਂ ਦੇ ਹੋ ਰਹੇ ਇਸ ਪ੍ਰਦੂਸ਼ਣ ਨੂੰ ਤੁਰੰਤ ਠੱਲ੍ਹ ਪਾਉਣ ਲਈ ਠੋਸ ਕਦਮ ਚੁੱਕਣ ਲਈ ਕਿਹਾ ਹੈ।