ਬਠਿੰਡਾ: ਮੰਗਦਾ ਹੈ ਪੰਜਾਬ, ਕੈਪਟਨ ਤੋਂ ਜੁਆਬ ਦੇ ਬੈਨਰ ਹੇਠ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਠਿੰਡਾ 'ਚ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ ਲਾ ਕੇ ਕੈਪਟਨ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ।


ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਜਵਾਬ ਦੇਣ ਕਿ ਆਖ਼ਰੀ ਬਜਟ ਪੇਸ਼ ਕਰਨ ਤੋਂ ਪਹਿਲਾਂ ਚਾਰ ਸਾਲ ਵਿੱਚ ਹੁਣ ਤੱਕ ਪੰਜਾਬ ਲਈ ਕੀ ਕੀਤਾ ਤੇ ਕਿਹੜੇ ਕਾਰਖਾਨੇ ਲਿਆਂਦੇ। ਖ਼ਜ਼ਾਨਾ ਮੰਤਰੀ ਦੇ ਇੱਕ ਮਹੀਨੇ ਵਿੱਚ ਇੱਕ ਕਾਰਖਾਨਾ ਲੱਗਣ ਵਾਲੇ ਵਾਅਦੇ ਕਦੋਂ ਪੂਰੇ ਹੋਣਗੇ?


ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਕੈਪਟਨ ਸਰਕਾਰ ਦਾ ਆਖਰੀ ਬਜਟ ਵੀ ਜੁਮਲੇਬਾਜ਼ੀ ਹੋਵੇਗਾ, ਜਿਸ ਵਿੱਚ ਪੰਜਾਬ ਦੇ ਭਲੇ ਲਈ ਕੋਈ ਗੱਲ ਨਹੀਂ ਹੋਵੇਗੀ ਤੇ ਇਹ ਬਜਟ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਲੋਕਾਂ ਨੂੰ ਲੁਭਾਉਣੇ ਸੁਪਨੇ ਜ਼ਰੂਰ ਦਿਖਾਵੇਂਗਾ ਪਰ ਇਸ ਵਾਰ ਲੋਕ ਕੈਪਟਨ ਸਰਕਾਰ ਤੇ ਖ਼ਜ਼ਾਨਾ ਮੰਤਰੀ ਦੀਆਂ ਚਾਲਾਂ ਵਿਚ ਨਹੀਂ ਆਉਣਗੇ।


ਸਾਬਕਾ ਵਿਧਾਇਕ ਨੇ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਮੰਨ ਚੁੱਕੇ ਹਨ ਕਿ ਉਹ ਸਰਕਾਰ ਚਲਾਉਣ ਵਿਚ ਫੇਲ੍ਹ ਹੋਏ ਹਨ, ਜਿਸ ਕਰ ਕੇ ਉਨ੍ਹਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਨੂੰ "ਕੌਫੀ ਵਿਦ ਕੈਪਟਨ" ਨਾਲ ਸੁਪਨੇ ਦਿਖਾਕੇ ਗੁੰਮਰਾਹ ਕਰਨ ਵਾਲੇ ਪ੍ਰਸ਼ਾਂਤ ਕਿਸ਼ੋਰ ਨੂੰ ਝੂਠ ਤੂਫ਼ਾਨ ਬੋਲਣ ਲਈ ਦੁਬਾਰਾ ਲਿਆਂਦਾ ਹੈ ਤੇ ਸਰਕਾਰ ਦੇ ਖਜ਼ਾਨੇ ਵਿੱਚੋਂ ਪੈਸੇ ਦਿੱਤੇ ਜਾ ਰਹੇ ਹਨ।


ਸਾਬਕਾ ਵਿਧਾਇਕ ਨੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਵੀ ਸਵਾਲ ਕੀਤਾ ਕਿ ਉਹ ਜਨਤਾ ਨੂੰ ਜਵਾਬ ਦੇਣ ਕਿ ਖਾਲੀ ਖਜ਼ਾਨੇ ਵਿਚੋਂ ਪ੍ਰਸ਼ਾਂਤ ਕਿਸ਼ੋਰ ਲਈ ਕਰੋੜਾਂ ਰੁਪਏ ਦੇ ਨਾਜਾਇਜ਼ ਖ਼ਰਚੇ ਕਿਵੇਂ ਪੂਰੇ ਹੋਣਗੇ?