ਨਵੀਂ ਦਿੱਲੀ: ਆਮ ਆਦਮੀ ਪਾਰਟੀ ਹਾਈਕਮਾਨ ਨੇ ਖਹਿਰਾ ਦੀ ਦੋ ਅਗਸਤ ਵਾਲੀ ਰੈਲੀ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਖਹਿਰਾ ਦੀ ਦੋ ਅਗਸਤ ਨੂੰ ਬਠਿੰਡਾ ਵਿੱਚ ਹੋਣ ਵਾਲੀ ਕਨਵੈਨਸ਼ਨ ਨੂੰ ਐਂਟੀ 'ਆਪ' ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਜੋ ਵੀ ਇਸ ਕਨਵੈਨਸ਼ਨ ਵਿੱਚ ਜਾਏਗਾ ਉਸ ਨੂੰ ਪਾਰਟੀ ਵਿਰੋਧੀ ਸਮਝਿਆ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਪੰਜਾਬ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ, ਨਵੇਂ ਬਣੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ, ਲੋਕ ਸਭਾ ਮੈਂਬਰ ਸਾਧੂ ਸਿੰਘ ਤੋਂ ਇਲਾਵਾ ਕਈ ਜ਼ਿਲ੍ਹਾ ਤੇ ਜ਼ੋਨਲ ਪ੍ਰਧਾਨ ਹਾਜ਼ਰ ਸਨ।

ਸਿਸੋਦੀਆ ਨੇ ਇਹ ਫੈਸਲਾ ਦਿੱਲੀ ਵਿੱਚ ਹੋਈ ਪੰਜਾਬ 'ਆਪ' ਬਾਰੇ ਦੂਜੀ ਬੈਠਕ ਵਿੱਚ ਲਿਆ ਹੈ। ਇਸ ਦਾ ਮਤਲਬ ਸਾਫ ਹੈ ਕਿ ਖਹਿਰਾ ਤੇ ਉਨ੍ਹਾਂ ਦੇ ਸਮਰਥਕ ਵਿਧਾਇਕਾਂ ਵਿਰੁੱਧ ਪਾਰਟੀ ਸਖ਼ਤੀ ਵਰਤਣ ਦੇ ਰੌਂਅ ਵਿੱਚ ਹੈ ਤੇ ਰੈਲੀ ਕਰਨ 'ਤੇ ਅਨੁਸ਼ਾਸਨਿਕ ਕਾਰਵਾਈ ਕਰਨ ਦੇ ਸੰਕੇਤ ਵੀ ਦਿੱਤੇ ਹਨ। ਉੱਧਰ, ਸੁਖਪਾਲ ਖਹਿਰਾ ਨੇ ਅੱਜ ਬਠਿੰਡਾ ਦਾ ਦੌਰਾ ਕੀਤਾ ਤੇ ਬੀਤੇ ਕੱਲ੍ਹ ਵਾਲੀ ਮੀਟਿੰਗ 'ਤੇ ਦੁੱਖ ਜਤਾਇਆ। ਇੱਥੇ ਉਨ੍ਹਾਂ ਸਾਰਿਆਂ ਨੂੰ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ।


ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਚੱਲ ਰਹੇ ਸੰਕਟ ਬਾਰੇ ਹੋਈ ਮੀਟਿੰਗ ਵੀ ਬੇਨਤੀਜਾ ਰਹੀ। ਪਾਰਟੀ ਇੰਚਾਰਜ ਮਨੀਸ਼ ਸਿਸੋਦੀਆ ਨੇ ਮੀਟਿੰਗ ’ਚ ਹਾਜ਼ਰ ਸਾਰੇ ‘ਆਪ’ ਵਿਧਾਇਕਾਂ ਵੱਲੋਂ ਰੱਖੇ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਲੀਡਰ ਵਜੋਂ ਹਟਾਏ ਜਾਣ ਦੇ ਫੈਸਲੇ ’ਤੇ ਮੁੜ ਵਿਚਾਰ ਕਰਨ ਦੇ ਸੁਝਾਅ ਨੂੰ ਰੱਦ ਕਰ ਦਿੱਤਾ ਸੀ। ਸਿਸੋਦੀਆ ਨੇ ਕਿਹਾ ਕਿ ਪਾਰਟੀ ਵੱਲੋਂ ਲਏ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਕੋਈ ਗੁੰਜਾਇਸ਼ ਹੀ ਨਹੀਂ ਹੈ। ਮੀਟਿੰਗ ਕਰੀਬ 45 ਮਿੰਟਾਂ ਤਕ ਚੱਲੀ।



ਖਹਿਰਾ ਨੂੰ ਯਕਦਮ ਵਿਰੋਧੀ ਧਿਰ ਦੇ ਲੀਡਰ ਵਜੋਂ ਹਟਾ ਕੇ ਹਰਪਾਲ ਚੀਮਾ ਨੂੰ ਨਵਾਂ ਨੇਤਾ ਬਣਾਉਣ ਤੋਂ ਬਾਅਦ ਪਾਰਟੀ ਵਿੱਚ ਧੜੇਬੰਦੀ ਵੱਡੇ ਪੱਧਰ 'ਤੇ ਉੱਭਰ ਕੇ ਆਈ ਹੈ। ਨੌਂ ਵਿਧਾਇਕਾਂ ਵਾਲੇ ਖਹਿਰਾ ਧੜੇ ਨੇ ਦੋ ਅਗਸਤ ਨੂੰ ਬਠਿੰਡਾ ਵਿੱਚ ਵਲੰਟੀਅਰਾਂ ਤੇ ਪਾਰਟੀ ਦੇ ਹੋਰ ਵਿਧਾਇਕਾਂ ਤੇ ਅਹੁਦੇਦਾਰਾਂ ਦੀ ਵੱਡੇ ਪੱਧਰ 'ਤੇ ਕਨਵੈਨਸ਼ਨ ਸੱਦੀ ਹੈ।