NRI Attack:  ਅੰਮ੍ਰਿਤਸਰ 'ਚ ਇੱਕ NRI ਨੂੰ ਘਰ ਵਿੱਚ ਵੜ ਕੇ ਗੋਲੀ ਮਾਰਨ ਦਾ ਮਾਮਲਾ ਕਾਨੂੰਨ ਵਿਵਸਥਾ ਨਾਲੋਂ ਹੁਣ ਸਿਆਸੀ ਮੁੱਦਾ ਜ਼ਿਆਦਾ ਬਣ ਗਿਆ ਹੈ। ਇਸ ਨੂੰ ਲੈ ਕੇ ਵਿਰੋਧੀ ਧਿਰਾਂ ਪੰਜਾਬ ਸਰਕਾਰ ਨੂੰ ਕੋਸਣ ਦੀ ਕੋਈ ਕਸਰ ਨਹੀਂ ਛੱਡ ਰਹੀਆਂ ਹਨ। ਹਾਲਾਂਕਿ ਸਰਕਾਰ ਵੱਲੋਂ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ ਪਰ ਫਿਰ ਵੀ ਵਿਰੋਧੀ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ ਹੋ ਕਿ ਕਿਤੇ ਨਾ ਕਿਤੇ ਸਹੀ ਵੀ ਜਾਪਦਾ ਹੈ।


ਇਸ ਮੁੱਦੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ, ਭਗਵੰਤ ਮਾਨ ਜੀ ਤੁਸੀਂ ਕਹਿੰਦੇ ਸੀ ਕਿ NRI ਵਾਪਿਸ ਪੰਜਾਬ ਆਉਣਗੇ! ਕੀ ਗੈਂਗਸਟਰਾਂ ਦੀਆਂ ਗੋਲੀਆਂ ਖਾਣ ਲਈ ਹੀ ਆਉਣਗੇ ਸਾਡੇ NRI ਵੀਰ? ਅੱਜ ਸੁਖਚੈਨ ਸਿੰਘ ਪਿੰਡ ਦੋਬਰਜੀ ( ਅਮ੍ਰਿੰਤਸਰ ) ਦੇ ਉਸਦੇ ਬੱਚਿਆਂ ਸਾਹਮਣੇ ਗੋਲੀਆਂ ਮਾਰੀਆਂ ਨੇ, ਇਸਦੀ ਜ਼ਿੰਮੇਵਾਰੀ ਕੌਣ ਲਵੇਗਾ, ਤੁਸੀਂ ਜਾਂ ਤੁਹਾਡਾ DGP? ਤੁਸੀਂ ਤਾਂ ਬੂਲਟ ਪਰੂਫ ਚੈਂਬਰਾਂ, ਗੱਡੀਆਂ 'ਚ ਘੁੰਮ ਲਓਗੇ ਪਰ ਆਮ ਪੰਜਾਬੀ ਕੀ ਕਰਨ? ਕੀ ਪੰਜਾਬ ਦੀ ਭੋਰਾ ਵੀ ਚਿੰਤਾ ਹੈ ਤੁਹਾਨੂੰ ਜਾਂ ਫ਼ੇਰ ਸਿਰਫ਼ ਗੱਪਾਂ ਨਾਲ ਹੀ ਡੰਗ ਟਪਾਓਗੇ






ਸੁਖਬੀਰ ਬਾਦਲ ਨੇ ਕੀਤੀ ਅਸਤੀਫ਼ੇ ਦੀ ਮੰਗ


ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਬਿਲਕੁਲ ਵਿਗੜ ਚੁੱਕੀ ਹੈ, ਪੰਜਾਬ ਦੇ ਅੱਜ ਦੇ ਹਾਲਾਤ ਦੇਖ ਬਹੁਤ ਦੁੱਖੀ ਹਾਂ, ਅੱਜ ਸਵੇਰੇ ਦੁਬੁਰਜੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ NRI ਵੀਰ ਸੁਖਚੈਨ ਸਿੰਘ ਦੇ ਘਰ ਵੜ ਕੇ ਬਦਮਾਸ਼ਾਂ ਨੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ।  ਮਾਤਾ ਜੀ ਆਪਣੇ ਪੁੱਤ ਅਤੇ ਮਾਸੂਮ ਬੱਚਾ ਆਪਣੇ ਪਿਤਾ ਨੂੰ ਬਚਾਉਣ ਲਈ ਹੱਥ ਜੋੜ ਰਹੇ ਹਨ ਪਰ ਨਿਰਦਈ ਬਦਮਾਸ਼ਾਂ ਨੇ ਇੱਕ ਨਹੀਂ ਸੁਣੀ। ਮੁੱਖ ਮੰਤਰੀ ਭਗਵੰਤ ਮਾਨ, ਤੁਹਾਡੇ ਰਾਜ ਵਿੱਚ ਅਜਿਹੀਆਂ ਘਟਨਾਵਾਂ ਹਰ ਦਿਨ ਹੋ ਰਹੀਆਂ ਹਨ,ਪੰਜਾਬੀ ਆਪਣੇ ਘਰ ਵਿੱਚ ਵੀ ਸੁਰੱਖਿਅਤ ਨਹੀਂ ਰਹੇ , ਮੈਂ ਸਮਝਦਾ ਹਾਂ ਕਿ ਤੁਹਾਨੂੰ ਨੈਤਿਕਤਾ ਦੇ ਆਧਾਰ 'ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ... ਬੁਰੀ ਤਰ੍ਹਾਂ ਜਖਮੀ ਜੇਰੇ ਇਲਾਜ ਸੁਖਚੈਨ ਸਿੰਘ ਦੀ ਸਿਹਤਯਾਬੀ ਦੀ ਅਰਦਾਸ ਕਰਦਾ ਹਾਂ।






ਪੰਜਾਬ ਸਰਕਾਰ ਨੇ ਕੀ ਦਿੱਤਾ ਪੱਖ 


ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਕਮਿਸ਼ਨਰ ਨਾਲ ਰਾਬਤਾ ਕੀਤਾ ਹੈ ਤੇ ਕਿਹਾ ਹੈ ਕਿ ਪਰਿਵਾਰ ਉੱਤੇ ਗੋਲ਼ੀਆਂ ਚਲਾਉਣ ਵਾਲੇ ਦੋਸ਼ੀਆਂ ਖ਼ਿਲਾਫ਼ ਛੇਤੀ ਤੋਂ ਛੇਤੀ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਧਾਲੀਵਾਲ ਨੇ ਭਰੋਸਾ ਦਵਾਇਆ ਕਿ ਐਨਆਰਆਈ ਦੇ ਜਾਨਮਾਲ ਦੀ ਰਾਖੀ ਕਰਨਾ ਉਨ੍ਹਾਂ ਦੀ ਸਰਕਾਰ ਦਾ ਫਰਜ਼ ਹੈ ਤੇ ਜਿਨ੍ਹਾਂ ਨੇ ਵੀ ਇਹ ਵਾਰਦਾਤ ਕੀਤੀ ਹੈ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।