ਚੰਡੀਗੜ੍ਹ: ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਬੀਜੇਪੀ ’ਚ ਸ਼ਾਮਲ ਹੋਣ ਨਾਲ ਸ਼੍ਰੋਮਣੀ ਅਕਾਲੀ ਦਲ 'ਚ ਭੂਚਾਲ ਆ ਗਿਆ ਹੈ। ਅਕਾਲੀ ਦਲ ਨੇ ਇਹ ਸੋਚਿਆ ਵੀ ਨਹੀਂ ਸੀ ਕਿ ਬੀਜੇਪੀ ਉਨ੍ਹਾਂ ਦਾ ਇੰਨਾ ਵੱਡਾ ਥੰਮ ਡੇਗ ਲਵੇਗੀ।


ਬੀਜੇਪੀ ਸਿਰਸਾ ਰਾਹੀਂ ਪੰਜਾਬ ਵਿੱਚ ਸਿੱਖ ਤੇ ਖਾਸ ਕਰ ਅਕਾਲੀ ਦਲ ਦੀ ਵੋਟ ਨੂੰ ਸੰਨ੍ਹ ਲਾਉਣ ਦੀ ਤਿਆਰੀ ਵਿੱਚ ਹੈ। ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਬੀਜੇਪੀ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਦਾਅਵਾ ਕੀਤਾ ਹੈ ਕਿ ਸਿਰਸਾ ਦਾ ਪਾਰਟੀ ਵਿੱਚ ਸ਼ਾਮਲ ਹੋਣਾ ਯਕੀਨੀ ਤੌਰ ’ਤੇ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮਦਦਗਾਰ ਸਾਬਤ ਹੋਵੇਗਾ।


ਅਚਾਨਕ ਹੋਏ ਇਸ ਸਿਆਸੀ ਘਟਨਾਕ੍ਰਮ ਤੋਂ ਸ਼੍ਰੋਮਣੀ ਅਕਾਲੀ ਦਲ ਹੈਰਾਨ ਤੇ ਪ੍ਰੇਸ਼ਾਨ ਹੈ। ਇਸ ਲਈ ਅਕਾਲੀ ਦਲ ਨੇ ਬੀਜੇਪੀ ਉੱਪਰ ਵੱਡਾ ਇਲਜ਼ਾਮ ਲਾਇਆ ਹੈ। ਅਕਾਲੀ ਦਲ ਨੇ ਇਸ ਸਭ ਨੂੰ ਖਾਲਸਾ ਪੰਥ ਦੀਆਂ ਦੁਸ਼ਮਣ ਤਾਕਤਾਂ ਵੱਲੋਂ ਸਾਜ਼ਿਸ਼ਾਂ ਰਚ ਕੇ ਉਹ ਕੁਝ ਹਾਸਲ ਕਰਨ ਦਾ ਯਤਨ ਕਰਾਰ ਦਿੱਤਾ ਜੋ ਉਹ ਸਿੱਖ ਕੌਮ ਕੋਲੋਂ ਆਪਣੀ ਮਰਜ਼ੀ ਨਾਲ ਹਾਸਲ ਨਹੀਂ ਕਰ ਸਕੀਆਂ।


ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਿੱਖ ਕੌਮ ਖ਼ਿਲਾਫ਼ ਇੰਦਰਾ ਗਾਂਧੀ ਵਾਲੇ ਹੱਥਕੰਡੇ ਵਰਤੇ ਜਾ ਰਹੇ ਹਨ। ਤਾਕਤ ਦੀ ਦੁਰਵਰਤੋਂ ਕਰਦਿਆਂ ਝੂਠੇ ਕੇਸ ਦਰਜ ਕਰਕੇ ਖਾਲਸਾ ਪੰਥ ਦੀ ਧਾਰਮਿਕ ਪ੍ਰਭੂਸੱਤਾ ’ਤੇ ਇੱਕ ਹੋਰ ਸਿੱਧਾ ਹਮਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਪੰਥ ਨੂੰ ਇਹ ਚੁਣੌਤੀ ਪ੍ਰਵਾਨ ਹੈ ਤੇ ਪੰਥ ਸਿੱਧਾ ਹੋ ਕੇ ਇਸ ਦਾ ਮੁਕਾਬਲਾ ਕਰੇਗਾ।


ਚੀਮਾ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ, ਜਥੇਦਾਰ ਹਰਮੀਤ ਸਿੰਘ ਕਾਲਕਾ ਤੇ ਦਿੱਲੀ ਕਮੇਟੀ ਦੇ 11 ਹੋਰ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਸਨ। ਕਾਲਕਾ ਸਾਹਿਬ ਤੇ ਹੋਰ ਮੈਂਬਰ ਸਿੱਖ ਰਵਾਇਤਾਂ ’ਤੇ ਡਟੇ ਰਹੇ ਤੇ ਜਬਰ ਦਾ ਟਾਕਰਾ ਕੀਤਾ ਪਰ ਸਿਰਸਾ ਦਬਾਅ ਹੇਠ ਆ ਗਏ ਤੇ ਸਿੱਖ ਪੰਥ ਤੇ ਇਸ ਦੀ ਭਾਵਨਾ ਨਾਲ ਗੱਦਾਰੀ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਅੰਗਰੇਜ਼ਾਂ ਤੇ ਫਿਰ ਇੰਦਰਾ ਗਾਂਧੀ ਤੇ ਹੋਰ ਕਾਂਗਰਸ ਸਰਕਾਰਾਂ ਨੇ ਸਾਬੋਤਾਜ ਕਰ ਕੇ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਨੂੰ ਢਹਿ-ਢੇਰੀ ਕਰਨ ਦਾ ਯਤਨ ਕੀਤਾ।



ਇਹ ਵੀ ਪੜ੍ਹੋ: Junior Hockey World Cup: ਭਾਰਤੀ ਹਾਕੀ ਟੀਮ ਨੇ ਕੀਤਾ ਕਮਾਲ, ਬੈਲਜੀਅਮ ਨੂੰ ਹਰਾ ਕੇ ਸੈਮੀਫਾਈਨਲ 'ਚ ਪਹੁੰਚੀ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904