ਨਵੀਂ ਦਿੱਲੀ: ਹਾਕੀ ਜੂਨੀਅਰ ਵਿਸ਼ਵ ਕੱਪ 'ਚ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਬੈਲਜੀਅਮ ਨੂੰ 1-0 ਨਾਲ ਹਰਾ ਕੇ ਹਾਕੀ ਜੂਨੀਅਰ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਭਾਰਤ ਹੁਣ ਸ਼ੁੱਕਰਵਾਰ ਨੂੰ ਸੈਮੀਫਾਈਨਲ 'ਚ ਜਰਮਨੀ ਨਾਲ ਭਿੜੇਗਾ। 2016 'ਚ ਲਖਨਊ ਵਿਖੇ ਹੋਏ ਪਿਛਲੇ ਟੂਰਨਾਮੈਂਟ 'ਚ ਬੈਲਜੀਅਮ ਨੂੰ 2-1 ਨਾਲ ਹਰਾ ਕੇ ਖਿਤਾਬ ਜਿੱਤਣ ਵਾਲੇ ਭਾਰਤ ਨੇ ਜੂਨੀਅਰ ਹਾਕੀ 'ਚ ਯੂਰਪੀਅਨ ਟੀਮ 'ਤੇ ਦਬਦਬਾ ਕਾਇਮ ਰੱਖਿਆ।


ਦੱਸ ਦਈਏ ਕਿ ਸ਼ਰਧਾਨੰਦ ਤਿਵਾਰੀ ਨੇ 21ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ ਜੋ ਭਾਰਤ ਲਈ ਆਖਰੀ ਚਾਰ ਵਿੱਚ ਪਹੁੰਚਣ ਲਈ ਕਾਫੀ ਸੀ। ਇਹ ਮੈਚ ਦੋਵਾਂ ਟੀਮਾਂ ਦੇ ਰੱਖਿਆਤਮਕ ਹੁਨਰ ਦੀ ਸ਼ਾਨਦਾਰ ਮਿਸਾਲ ਕਾਇਮ ਕੀਤੀ ਤੇ ਭਾਰਤ ਇੱਕ ਗੋਲ ਨਾਲ ਅੱਗੇ ਵਧਣ ਵਿੱਚ ਕਾਮਯਾਬ ਰਿਹਾ। ਭਾਰਤ ਸ਼ੁੱਕਰਵਾਰ ਨੂੰ ਸੈਮੀਫਾਈਨਲ 'ਚ ਪਿਛਲੀ ਵਾਰ ਦੇ ਕਾਂਸੀ ਤਮਗਾ ਜੇਤੂ ਜਰਮਨੀ ਨਾਲ ਭਿੜੇਗਾ। ਛੇ ਵਾਰ ਦੀ ਚੈਂਪੀਅਨ ਜਰਮਨੀ ਨੇ ਸਪੇਨ ਨੂੰ ਸ਼ੂਟਆਊਟ ਵਿੱਚ 3-1 ਨਾਲ ਹਰਾਇਆ। ਨਿਯਮਤ ਸਮੇਂ ਤੱਕ ਦੋਵੇਂ ਟੀਮਾਂ 2-2 ਨਾਲ ਬਰਾਬਰੀ 'ਤੇ ਸੀ।


ਬੈਲਜੀਅਮ ਨੇ ਹਮਲਾਵਰ ਸ਼ੁਰੂਆਤ ਕੀਤੀ ਤੇ ਭਾਰਤ 'ਤੇ ਦਬਾਅ ਬਣਾਇਆ ਪਰ ਭਾਰਤੀ ਡਿਫੈਂਸ ਨੇ ਜਲਦਬਾਜ਼ੀ ਨਹੀਂ ਦਿਖਾਈ ਤੇ ਆਸਾਨੀ ਨਾਲ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਬੈਲਜੀਅਮ ਨੂੰ 13ਵੇਂ ਮਿੰਟ ਵਿੱਚ ਪਹਿਲਾ ਮੌਕਾ ਮਿਲਿਆ ਪਰ ਭਾਰਤੀ ਗੋਲਕੀਪਰ ਪ੍ਰਸ਼ਾਂਤ ਚੌਹਾਨ ਨੇ ਥਿਬਿਊ ਸਟਾਕਬ੍ਰੋਕਸ ਦੇ ਨਜ਼ਦੀਕੀ ਸ਼ਾਟ ਨੂੰ ਰੋਕ ਦਿੱਤਾ।


ਭਾਰਤ ਨੂੰ ਪਹਿਲੇ ਕੁਆਰਟਰ ਦੇ ਆਖਰੀ ਪਲਾਂ ਵਿੱਚ ਗੋਲ ਕਰਨ ਦਾ ਪਹਿਲਾ ਮੌਕਾ ਮਿਲਿਆ ਪਰ ਬੈਲਜੀਅਮ ਦੇ ਗੋਲਕੀਪਰ ਬੋਰਿਸ ਫੇਲਡਿਮ ਨੇ ਉੱਤਮ ਸਿੰਘ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਭਾਰਤ ਨੇ ਦੂਜੇ ਕੁਆਰਟਰ ਵਿੱਚ ਆਤਮਵਿਸ਼ਵਾਸ ਨਾਲ ਭਰਿਆ ਖੇਡ ਦਿਖਾਇਆ ਤੇ 21ਵੇਂ ਮਿੰਟ ਵਿੱਚ ਆਪਣਾ ਪਹਿਲਾ ਪੈਨਲਟੀ ਕਾਰਨਰ ਹਾਸਲ ਕੀਤਾ, ਜਿਸ ਨੂੰ ਤਿਵਾਰੀ ਨੇ ਹੁਨਰਮੰਦੀ ਨਾਲ ਗੋਲ ਵਿੱਚ ਬਦਲ ਦਿੱਤਾ।


ਬੈਲਜੀਅਮ ਨੂੰ 26ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਿਆ ਪਰ ਜੇਫ ਡੀ ਵਿੰਟਰ ਦੀ ਫਲਿੱਕ ਬਾਹਰ ਹੋ ਗਈ। ਅੱਧੇ ਸਮੇਂ ਤੱਕ ਭਾਰਤ 1-0 ਨਾਲ ਅੱਗੇ ਸੀ। ਬੈਲਜੀਅਮ ਨੇ ਤੀਜੇ ਕੁਆਰਟਰ 'ਚ ਹਮਲਾਵਰ ਰੁਖ ਅਪਣਾਇਆ ਪਰ ਉਹ ਕਾਮਯਾਬ ਨਾ ਹੋ ਸਕਿਆ। ਇਸ ਦੌਰਾਨ ਕਿਸੇ ਵੀ ਟੀਮ ਨੂੰ ਸਪੱਸ਼ਟ ਮੌਕਾ ਨਹੀਂ ਮਿਲਿਆ। ਬੈਲਜੀਅਮ ਨੇ ਚੌਥੇ ਕੁਆਰਟਰ ਵਿੱਚ ਆਪਣੀ ਪੂਰੀ ਤਾਕਤ ਲਗਾ ਦਿੱਤੀ ਸੀ।


ਖੇਡ ਦੇ 50ਵੇਂ ਮਿੰਟ ਵਿੱਚ ਭਾਰਤ ਦੇ ਦੂਜੇ ਗੋਲਕੀਪਰ ਪਵਨ ਨੇ ਰੋਮਨ ਡੁਵੇਕੋਟ ਦੀ ਕੋਸ਼ਿਸ਼ ਨੂੰ ਡਾਈਵ ਨਾਲ ਸ਼ਾਨਦਾਰ ਸੇਵ ਨਾਲ ਨਾਕਾਮ ਕਰ ਦਿੱਤਾ। ਬੈਲਜੀਅਮ ਨੂੰ 52ਵੇਂ ਮਿੰਟ 'ਚ ਪੈਨਲਟੀ ਕਾਰਨਰ ਮਿਲਿਆ ਪਰ ਭਾਰਤੀ ਡਿਫੈਂਡਰਾਂ ਨੇ ਉਨ੍ਹਾਂ ਨੂੰ ਇਸ ਦਾ ਫਾਇਦਾ ਨਹੀਂ ਚੁੱਕਣ ਦਿੱਤਾ।


ਬੈਲਜੀਅਮ ਨੇ ਖੇਡ ਖ਼ਤਮ ਹੋਣ ਤੋਂ ਤਿੰਨ ਮਿੰਟ ਪਹਿਲਾਂ ਆਪਣੇ ਗੋਲਕੀਪਰ ਨੂੰ ਹਟਾ ਦਿੱਤਾ ਅਤੇ ਇੱਕ ਵਾਧੂ ਖਿਡਾਰੀ ਲਿਆ, ਪਰ ਇਸ ਨਾਲ ਵੀ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਹੋਇਆ। ਖੇਡ ਖ਼ਤਮ ਹੋਣ ਤੋਂ ਦੋ ਮਿੰਟ ਪਹਿਲਾਂ ਉਸ ਨੂੰ ਪੈਨਲਟੀ ਕਾਰਨਰ ਮਿਲਿਆ ਪਰ ਉਸ ਨੂੰ ਵੀ ਭਾਰਤੀਆਂ ਨੇ ਨਾਕਾਮ ਕਰ ਦਿੱਤਾ।



ਇਹ ਵੀ ਪੜ੍ਹੋ: GST on Salary: ਨੋਟਿਸ ਪੀਰੀਅਡ 'ਚ ਮਿਲਣ ਵਾਲੀ ਤਨਖਾਹ 'ਤੇ ਕਰਨਾ ਪੈ ਸਕਦਾ GST ਦਾ ਭੁਗਤਾਨ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904