ਚੰਡੀਗੜ੍ਹ: ਅਮਰੀਕਾ ਵਿੱਚ ਕੁੱਟਮਾਰ ਹੋਣ ਤੋਂ ਬਾਅਦ ਸੁਰਖੀਆਂ ਵਿੱਚ ਛਾਏ ਮਨਜੀਤ ਸਿੰਘ ਜੀਕੇ ਵੱਲੋਂ ਦਿੱਤੇ ਜਾ ਰਹੇ ਬਿਆਨ ਵੱਡੀਆਂ ਸੁਰਖੀਆਂ ਬਣ ਰਹੇ ਹਨ। ਜੀਕੇ ਤੇ ਹੋਰ ਕਈ ਟਕਸਾਲੀ ਆਗੂ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਵੱਲੋਂ ਹੋਈਆਂ 'ਗ਼ਲਤੀਆਂ' ਬਾਰੇ ਦੱਸ ਚੁੱਕੇ ਹਨ। ਹੁਣ ਜੀਕੇ ਨੇ ਕਿਹਾ ਹੈ ਕਿ ਮੌਜੂਦਾ ਸਮਾਂ ਸ਼੍ਰੋਮਣੀ ਅਕਾਲੀ ਦਲ ਲਈ ਸਭ ਤੋਂ ਔਖੀ ਘੜੀ ਹੈ।


ਦਰਅਸਲ, ਵਿਧਾਨ ਸਭਾ ਵਿੱਚ ਬੇਅਦਬੀ ਮਾਮਲਿਆਂ ਤੇ ਗੋਲ਼ੀਕਾਂਡਾਂ 'ਤੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਰਿਪੋਰਟ ਪੇਸ਼ ਹੋਣ ਤੋਂ ਬਾਅਦ ਅਕਾਲੀ ਦਲ ਦਾ ਚੁਫੇਰਿਓਂ ਵਿਰੋਧ ਹੋ ਰਿਹਾ ਹੈ। ਪਾਰਟੀ ਦੇ ਅੰਦਰੋਂ ਵੀ ਕੀਤੀਆਂ 'ਗ਼ਲਤੀਆਂ' ਵਿਰੁੱਧ ਆਵਾਜ਼ਾਂ ਉੱਠੀਆਂ ਹਨ। ਇਨ੍ਹਾਂ ਵਿੱਚੋਂ ਇੱਕ ਆਵਾਜ਼ ਪਾਰਟੀ ਦੇ ਵੱਡੇ ਲੀਡਰ ਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਬੁਲੰਦ ਕੀਤੀ ਹੈ।

ਅੰਗਰੇਜ਼ੀ ਅਖਬਰਾ 'ਹਿੰਦੁਸਤਾਨ ਟਾਈਮਜ਼' ਵਿੱਚ ਪ੍ਰਕਾਸ਼ਿਤ ਇੰਟਰਵਿਊ ਦੌਰਾਨ ਜੀਕੇ ਨੇ ਕਿਹਾ ਹੈ ਕਿ ਇਸ ਸਮੇਂ ਅਕਾਲੀ ਦਲ ਸਿੱਖਾਂ ਵਿੱਚ ਆਪਣੇ ਵੱਕਾਰ ਨੂੰ ਬਹਾਲ ਕਰਨ ਲਈ ਜੂਝ ਰਿਹਾ ਹੈ। ਜੀਕੇ ਨੇ ਕਿਹਾ ਕਿ ਪਿਛਲੇ ਸਾਲ ਹੋਈਆਂ ਧਾਰਮਿਕ ਦੁਰਘਟਨਾਵਾਂ ਨੇ ਪਿਛਲੇ 10 ਸਾਲਾਂ ਵਿੱਚ ਪਾਰਟੀ ਦੇ ਕੀਤੇ ਕੰਮਾਂ ਨੂੰ ਲੋਕਾਂ ਦੇ ਮਨਾਂ ਵਿੱਚੋਂ ਕੱਢ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਕਰਕੇ ਹੀ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਇੰਨਾ ਹੀ ਨਹੀਂ ਜੀਕੇ ਨੇ ਕਿਹਾ ਕਿ ਬੇਅਦਬੀ ਘਟਨਾਵਾਂ ਤੇ ਗੋਲ਼ੀਕਾਂਡ ਅਕਾਲੀ ਦਲ ਲਈ ਕਿਸੇ ਆਪ੍ਰੇਸ਼ਨ ਬਲੂ ਸਟਾਰ ਤੋਂ ਘੱਟ ਨਹੀਂ। ਉਨ੍ਹਾਂ ਕਿਹਾ ਕਿ ਬੇਅਦਬੀਆਂ ਕਰਕੇ ਸਾਡੇ ਚੰਗੇ ਕੰਮ ਵੀ ਲੁਕ ਗਏ। ਪਾਰਟੀ ਦਾ ਅਕਸ ਸੁਧਾਰਨ ਲਈ ਜੀਕੇ ਨੇ ਕਿਹਾ ਕਿ ਅਕਾਲੀ ਕਿਸੇ ਵੀ ਢੰਗ ਨਾਲ ਬੇਅਦਬੀਆਂ ਵਿੱਚ ਸ਼ਾਮਲ ਨਹੀਂ ਸਨ। ਬੇਅਦਬੀਆਂ ਕਾਂਗਰਸ ਸਰਕਾਰ ਦੇ ਸਾਸ਼ਨ ਵਿੱਚ ਵੀ ਹੋ ਰਹੀਆਂ ਹਨ। ਜੀਕੇ ਨੇ ਕਿਹਾ ਕਿ ਕਾਂਗਰਸ ਨੇ ਵਿਧਾਨ ਸਭਾ ਵਿੱਚੋਂ ਸਾਡੇ ਵਿਰੁੱਧ ਫ਼ਤਵਾ ਜਾਰੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਉਹੀ ਪਾਰਟੀ ਹੈ ਜਿਸ ਨੇ ਹਰਿਮੰਦਰ ਸਾਹਿਬ 'ਤੇ ਹਮਲਾ ਕਰਵਾਇਆ ਤੇ ਸਿੱਖਾਂ ਦਾ ਕਤਲੇਆਮ ਕੀਤਾ ਪਰ ਇਸ ਸਮੇਂ ਲੋਕ ਕਾਂਗਰਸ ਉੱਪਰ ਸਵਾਲ ਨਹੀਂ ਚੁੱਕ ਰਹੇ ਬਲਕਿ ਸਾਡੇ 'ਤੇ ਵਿਸ਼ਵਾਸ ਨਹੀਂ ਕਰ ਰਹੇ।

ਜੀਕੇ ਨੇ ਪਾਰਟੀ ਦੇ ਟਕਸਾਲੀ ਤੇ ਨਵੇਂ ਆਗੂਆਂ ਵਿੱਚ ਉਮਰ ਦੇ ਪਾੜੇ ਨੂੰ ਵੀ ਅਕਾਲੀ ਦਲ ਲਈ ਖਤਰਨਾਕ ਦੱਸਿਆ। ਉਨ੍ਹਾਂ ਕਿਹਾ ਕਿ ਸੀਨੀਅਰ ਅਕਾਲੀ ਲੀਡਰਾਂ ਨੂੰ ਅਜਿਹਾ ਲੱਗ ਰਿਹਾ ਹੈ ਕਿ ਉਨ੍ਹਾਂ ਦੀ ਵੁੱਕਤ ਨਹੀਂ ਰਹੀ ਤੇ ਨੌਜਵਾਨ ਅਕਾਲੀ ਲੀਡਰਾਂ ਨੂੰ ਪੰਥਕ ਮੁੱਦਿਆਂ ਦੀ ਡੂੰਘੀ ਸਮਝ ਨਹੀਂ। ਇਹੋ ਅਕਾਲੀ ਦਲ ਵੱਲੋਂ ਗ਼ਲਤੀਆਂ ਕੀਤੇ ਜਾਣ ਦਾ ਮੁੱਖ ਕਾਰਨ ਹੈ।

ਡੀਜੇਐਮਸੀ ਦੇ ਮੁਖੀ ਮਨਜੀਤ ਸਿੰਘ ਜੀਕੇ ਨੇ ਗ਼ਲਤੀਆਂ ਵੀ ਮੰਨ ਲਈਆਂ ਤੇ ਸੰਕਟ ਵਿੱਚੋਂ ਉੱਭਰਨ ਦੇ ਉਪਾਅ ਵੀ ਦੱਸੇ ਪਰ ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਨ, ਜੋ ਇਸ ਨੂੰ ਸੰਕਟ ਮੰਨਣ ਲਈ ਤਿਆਰ ਹੀ ਨਹੀਂ। ਸੁਖਬੀਰ ਬਾਦਲ, ਬਿਕਰਮ ਮਜੀਠੀਆ ਨੇ ਬੀਤੇ ਕੱਲ੍ਹ ਹੋਈ ਰੈਲੀ ਵਿੱਚ ਜਿੱਥੇ ਕਾਂਗਰਸ ਤੇ ਖ਼ਾਸ ਤੌਰ 'ਤੇ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਘੇਰਨ ਲਈ ਹੀ ਸਾਰਾ ਜ਼ੋਰ ਲਾ ਦਿੱਤਾ। ਜਿਵੇਂ ਜੀਕੇ ਨੇ ਦੱਸਿਆ ਇਸ ਸਮੇਂ ਅਕਾਲੀ ਦਲ ਨੂੰ ਲੋੜ ਪਾਰਟੀ ਵਿੱਚ ਵਿਆਪਕ ਸੁਧਾਰ ਕੀਤੇ ਜਾਣ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਪਾਰਟੀ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਕਾਫੀ ਨੁਕਸਾਨ ਝੱਲਣਾ ਪੈ ਸਕਦਾ ਹੈ।