ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ 12 ਸਾਲਾਂ ਬਾਅਦ ਦੇਸ਼ਧ੍ਰੋਹ ਦੇ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ। ਬੀਤੇ ਕੱਲ੍ਹ ਅਦਾਲਤ ਵੱਲੋਂ ਬਰੀ ਕੀਤੇ ਜਾਣ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਹ ਹੁਣ ਆਪਣੇ ਨਾਲ ਹੋਈ 'ਜ਼ਿਆਦਤੀ' ਦਾ ਬਦਲਾ ਮਾਣਹਾਨੀ ਕੇਸ ਦਾਇਰ ਕਰ ਕੇ ਲੈਣਗੇ। ਮਾਨ ਦੇ ਵਕੀਲ ਗੁਰਪ੍ਰੀਤ ਸਿੰਘ ਸੈਣੀ ਨੇ ਦੱਸਿਆ ਕਿ ਤਤਕਾਲੀ ਸਰਕਾਰ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਨੇ ਮਾਨ ਵਿਰੁੱਧ ਖ਼ਾਲਿਸਤਾਨ ਦਾ ਮੁੱਦਾ ਚੁੱਕਣ 'ਤੇ ਧਾਰਾ 124-ਏ, 153ਏ, 153ਬੀ ਤੇ 505 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਫ਼ਤਹਿਗੜ੍ਹ ਸਾਹਿਬ ਦੀ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਹੈ। ਸਿਮਰਨਜੀਤ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਵਿਰੁੱਧ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਸਮੇਂ ਤਤਕਾਲੀ ਪੁਲਿਸ ਕਪਤਾਨ (ਪੜਤਾਲੀਆ) ਪ੍ਰਿਤਪਾਲ ਸਿੰਘ ਵਿਰਕ ਦੀ ਸ਼ਿਕਾਇਤ ਉੱਪਰ ਦਰਜ ਕੀਤਾ ਕੇਸ ਅਸਲ ਵਿੱਚ ਸਿਆਸਤ ਤੋਂ ਪ੍ਰੇਰਿਤ ਸੀ। ਸਾਬਕਾ ਸੰਸਦ ਮੈਂਬਰ ਨੇ ਦੋਸ਼ ਲਾਇਆ ਕਿ ਇਸ ਤੋਂ ਬਾਅਦ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਨੇ ਹਿੰਦੂ ਵੋਟ ਖਿੱਚਣ ਲਈ ਇਸ ਮਾਮਲੇ ਵਿੱਚ ਅਦਾਲਤ ਚਲਾਨ ਵੀ ਪੇਸ਼ ਕੀਤਾ ਸੀ। ਪਰ ਅਦਾਲਤ ਨੇ ਉਨ੍ਹਾਂ ਨੂੰ ਇਸ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ। ਮਾਨ ਨੇ ਕਿਹਾ ਕਿ ਉਹ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ-ਨਾਲ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਵੀ ਦਾਇਰ ਕਰਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ 12 ਸਾਲਾਂ ਵਿੱਚ ਬਹੁਤ ਮਾਨਸਿਕ ਤਸ਼ੱਦਦ ਝੱਲਣਾ ਪਿਆ ਹੈ ਤੇ ਉਹ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਬਕ ਸਿਖਾ ਕੇ ਰਹਿਣਗੇ ਤਾਂ ਜੋ ਭਵਿੱਖ ਵਿੱਚ ਕੋਈ ਅਜਿਹਾ ਨਾ ਕਰੇ।