ਅੰਮ੍ਰਿਤਸਰ: ਥਾਣਾ ਵਲਟੋਹਾ ਅਧੀਨ ਪੈਂਦੇ ਕਸਬਾ ਅਮਰਕੋਟ ਵਿੱਚ ਬੀਤੀ ਦੇਰ ਰਾਤ ਇੱਕ ਇਨੋਵਾ ਕਾਰ ਹੇਠ ਆ ਕੇ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਥਾਣਾ ਵਲਟੋਹਾ ਦੇ ਹੈੱਡ ਕਾਂਸਟੇਬਲ ਇੰਦਰਜੀਤ ਸਿੰਘ ਅਤੇ ਹੋਮਗਾਰਡ ਦੇ ਜਵਾਨ ਕੁਲਦੀਪ ਸਿੰਘ ਵਜੋਂ ਹੋਈ ਹੈ। ਮੁਲਜ਼ਮ ਕਾਰ ਚਾਲਕ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਰਿਹਾ।


ਹਾਦਸਾ ਦੇਰ ਰਾਤ ਸਾਢੇ ਕੁ ਬਾਰਾਂ ਵਜੇ ਵਾਪਰਿਆ। ਦੋਵੇਂ ਮੁਲਾਜ਼ਮ ਅਮਰਕੋਟ ਚੌਕ ਵਿੱਚ ਡਿਊਟੀ ਦੇ ਰਹੇ ਸਨ ਕਿ ਅੰਮ੍ਰਿਤਸਰ ਵਾਲੇ ਪਾਸਿਓਂ ਤੇਜ਼ ਰਫ਼ਤਾਰ ਕਾਲੇ ਰੰਗ ਦੀ ਇਨੋਵਾ ਗੱਡੀ (ਪੀਬੀ 46 ਐੱਸ 7770) ਆ ਰਹੀ ਸੀ। ਕਾਰ ਚਾਲਕ ਰਫ਼ਤਾਰ 'ਤੇ ਕਾਬੂ ਨਾ ਰੱਖ ਸਕਿਆ ਤੇ ਚੌਕ ਵਿੱਚ ਖੜ੍ਹੇ ਉਕਤ ਮੁਲਾਜ਼ਮਾਂ ਨੂੰ ਕੁਚਲ ਦਿੱਤਾ। ਦੋਵੇਂ ਮੁਲਾਜ਼ਮ ਕਾਰ ਹੇਠਾਂ ਕਾਫੀ ਦੂਰੀ ਤਕ ਘੜੀਸੇ ਗਏ, ਜਿਸ ਕਾਰਨ ਦੋਵੇਂ ਮੁਲਾਜ਼ਮਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਖੜਕਾ ਸੁਣ ਜਦ ਇਲਾਕਾ ਵਾਸੀ ਆਪਣੇ ਘਰਾਂ ਤੋਂ ਬਾਹਰ ਨਿੱਕਲੇ ਤਾਂ ਇਨੋਵਾ ਗੱਡੀ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਚੁੱਕਾ ਸੀ। ਲੋਕਾਂ ਨੇ ਦੁਰਘਟਨਾ ਦੀ ਸੂਚਨਾ ਥਾਣਾ ਵਲਟੋਹਾ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਥਾਣਾ ਵਲਟੋਹਾ ਦੀ ਪੁਲਿਸ ਨੇ ਦੋਵੇਂ ਮੁਲਾਜ਼ਮਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਇਨੋਵਾ ਗੱਡੀ ਦੇ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।