'ਬਾਦਲਾਂ ਨੇ ਪੈਦਾ ਕੀਤੇ ਗੈਂਗਸਟਰ'
ਏਬੀਪੀ ਸਾਂਝਾ | 27 Jan 2018 07:05 PM (IST)
ਮਿਹਰਬਾਨ ਸਿੰਘ ਬਠਿੰਡਾ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਗੈਂਗਸਟਰ ਵਿੱਕੀ ਗੌਂਡਰ ਤੇ ਉਸ ਦੇ ਸਾਥੀਆਂ ਦੇ ਖ਼ਾਤਮੇ 'ਤੇ ਜਿੱਥੇ ਪੰਜਾਬ ਪੁਲਿਸ ਦੀ ਪਿੱਠ ਥਾਪੜੀ ਹੈ, ਉੱਥੇ ਹੀ ਅਸਿੱਧੇ ਤੌਰ 'ਤੇ ਬਾਦਲ ਸਰਕਾਰ ਨੂੰ ਗੈਂਗਸਟਰ ਪੈਦਾ ਕਰਨ ਵਾਲੀ ਸਰਕਾਰ ਦੱਸਿਆ ਹੈ। ਵਿੱਤ ਮੰਤਰੀ ਨੇ ਬਠਿੰਡਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਨੂੰ ਅਤਿ ਲੋੜੀਂਦੇ ਗੈਂਗਸਟਰ ਵਿੱਕੀ ਗੌਂਡਰ ਨੂੰ ਖ਼ਤਮ ਕਰਨ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਕਾਨੂੰਨ ਅਨੁਸਾਰ ਚੱਲਦਾ ਹੈ ਤੇ ਜਿਹੜਾ ਵੀ ਕਾਨੂੰਨ ਖਿਲਾਫ ਚੱਲਦਾ ਹੈ ਉਸ ਨੂੰ ਇਸ ਤਰ੍ਹਾਂ ਦੇ ਵਾਕਿਆ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ। ਨਾਲ ਹੀ ਵਿੱਤ ਮੰਤਰੀ ਨੇ ਬਾਦਲ ਸਰਕਾਰ 'ਤੇ ਅਸਿੱਧੇ ਤੌਰ 'ਤੇ ਵਾਰ ਕਰਦਿਆਂ ਕਿਹਾ ਕਿ ਮੈਨੂੰ ਬਹੁਤ ਅਫ਼ਸੋਸ ਹੈ ਕਿ ਪੰਜਾਬ ਵਿੱਚ ਪਿਛਲੇ ਦਸ ਸਾਲਾਂ ਵਿੱਚ ਇਸ ਤਰ੍ਹਾਂ ਦੇ ਮਾੜੇ ਅਨਸਰ ਪੈਦਾ ਹੋ ਗਏ ਸਨ ਜੋ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਇਸ ਦੇਸ਼ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ ਪਰ ਪੰਜਾਬ ਪੁਲਿਸ ਦੀ ਇਸ ਕਾਮਯਾਬੀ 'ਤੇ ਮੈਂ ਪੁਲਿਸ ਨੂੰ ਮੁਬਾਰਕਬਾਦ ਦਿੰਦਾ ਹਾਂ।