ਮਨਪ੍ਰੀਤ ਬਾਦਲ ਪਿੱਛੇ ਲੱਗੇ ਥਰਮਲ ਮੁਲਾਜ਼ਮ
ਏਬੀਪੀ ਸਾਂਝਾ | 27 Jan 2018 04:44 PM (IST)
ਬਠਿੰਡਾ: ਸਰਕਾਰ ਵੱਲੋਂ ਬੰਦ ਕੀਤੇ ਗੁਰੂ ਨਾਨਕ ਤਾਪ ਬਿਜਲੀ ਘਰ ਦੇ ਮੁਲਾਜ਼ਮਾਂ ਨੇ ਅੱਜ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਇੱਕ ਵਾਰ ਫਿਰ ਕਾਲੀਆਂ ਝੰਡੀਆਂ ਵਿਖਾਈਆਂ। ਜਿੱਥੇ 1 ਜਨਵਰੀ ਤੋਂ ਥਰਮਲ ਦੇ ਕੱਚੇ ਕਾਮੇ ਪ੍ਰਦਰਸ਼ਨ ਕਰ ਰਹੇ ਹਨ ਉੱਥੇ ਪੱਕੇ ਕਾਮੇ ਵੀ ਸਰਕਾਰ ਦੇ ਫੈਸਲੇ ਵਿਰੁੱਧ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ। ਮੁਲਾਜ਼ਮਾਂ ਨੇ ਦੱਸਿਆ ਕਿ ਮਨਪ੍ਰੀਤ ਬਾਦਲ ਨੇ ਚੋਣਾਂ ਤੋਂ ਪਹਿਲਾਂ ਥਰਮਲ ਬੰਦ ਨਾ ਕਰਨ ਦਾ ਐਲਾਨ ਕੀਤਾ ਸੀ ਤੇ ਹੁਣ ਮੁਲਾਜ਼ਮ ਹਰ ਜਗ੍ਹਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਘੇਰਨ ਦੀ ਤਿਆਰੀ 'ਚ ਰਹਿੰਦੇ ਹਨ। ਹਾਲਾਤ ਇਹ ਹਨ ਕਿ ਮਨਪ੍ਰੀਤ ਦਾ ਸ਼ਹਿਰ 'ਚ ਹੋਣ ਵਾਲੇ ਕਿਸੇ ਸਮਾਗਮ ਵਿੱਚ ਪਹੁੰਚਣਾ ਦੁੱਭਰ ਹੋ ਗਿਆ ਹੈ। ਮਨਪ੍ਰੀਤ ਬਾਦਲ ਜਿਸ ਪ੍ਰੋਗਰਾਮ ਵਿਚ ਵੀ ਸ਼ਾਮਲ ਹੋਣ ਲਈ ਪਹੁੰਚਦੇ ਹਨ ਥਰਮਲ ਕਾਮੇ ਉੱਥੇ ਹੀ ਕਾਲੀਆਂ ਝੰਡੀਆਂ ਲੈ ਕੇ ਨਾਅਰੇਬਾਜ਼ੀ ਕਰਨ ਪਹੁੰਚ ਜਾਂਦੇ ਹਨ। ਵਿੱਤ ਮੰਤਰੀ ਅੱਜ ਬਠਿੰਡਾ ਦੇ ਅਜੀਤ ਰੋਡ 'ਤੇ ਖੋਲ੍ਹੇ ਜਾ ਰਹੇ ਇੱਕ ਨਿਜੀ ਅੰਗ੍ਰੇਜ਼ੀ ਕੋਚਿੰਗ ਸੈਂਟਰ ਦਾ ਉਦਘਾਟਨ ਕਰਨ ਆਏ ਸਨ। ਇਸ ਬਾਰੇ ਪਤਾ ਲਗਦੇ ਹੀ ਥਰਮਲ ਦੇ ਪੱਕੇ ਮੁਲਾਜ਼ਮ ਕਾਲੀਆਂ ਝੰਡੀਆਂ ਲੈ ਕੇ ਪਹੁੰਚ ਗਏ ਤੇ ਮਨਪ੍ਰੀਤ ਬਾਦਲ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਬੇਸ਼ੱਕ ਪੁਲਸ ਨੇ ਉਨ੍ਹਾਂ ਨੂੰ ਮਨਪ੍ਰੀਤ ਦੇ ਕੋਲ ਤਾਂ ਨਹੀਂ ਪਹੁੰਚਣ ਦਿੱਤਾ ਪਰ ਕਾਮਿਆਂ ਨੇ ਕਾਂਗਰਸ ਸਰਕਾਰ ਖਿਲਾਫ਼ ਭੜਾਸ ਕੱਢਦਿਆਂ ਆਪਣੀ ਪੂਰੀ ਵਾਹ ਲਾਈ। ਮੁਲਾਜ਼ਮਾਂ ਨੇ ਕਿਹਾ ਕਿ ਜੇਕਰ ਸਰਕਾਰ ਆਪਣਾ ਫੈਸਲਾ ਵਾਪਸ ਨਹੀਂ ਲੈਂਦੀ ਤਾਂ ਉਹ ਮਨਪ੍ਰੀਤ ਦੇ ਹਰ ਪ੍ਰੋਗਰਾਮ ਵਿੱਚ ਪਹੁੰਚਣਗੇ ਤੇ ਸਰਕਾਰ ਨੂੰ ਫ਼ੈਸਲਾ ਬਦਲਣ ਲਈ ਮਜਬੂਰ ਕਰ ਦੇਣਗੇ।