ਚੰਡੀਗੜ੍ਹ:ਗੈਂਗਵਾਰ ਪੰਜਾਬ 'ਚ ਹੀ ਨਹੀਂ ਕੌਮਾਂਤਰੀ ਵਰਤਾਰਾ ਹੈ।  ਪੰਜਾਬੀਆਂ ਦੇ ਬੱਚੇ ਵਿਦੇਸ਼ਾਂ 'ਚ ਜਾ ਕੇ ਵੀ ਗੈਂਗਵਾਰ ਦਾ ਹਿੱਸਾ ਬਣ ਰਹੇ ਹਨ। ਕੈਨੇਡਾ ਦੀ ਧਰਤੀ 'ਤੇ ਪੰਜਾਬੀ ਗੈਂਗਵਾਰ ਦਾ ਵੱਡੇ ਪੱਧਰ 'ਤੇ ਸ਼ਿਕਾਰ ਹੋਏ ਹਨ।

ਅੰਕੜਿਆਂ ਅਨੁਸਾਰ 2009 ਤੋਂ ਹੁਣ ਤੱਕ ਇਸ ਧੜੇਬੰਦਕ ਲੜਾਈ ਕਾਰਨ 425 ਤੋਂ ਵਧੇਰੇ ਜਾਨਾਂ ਜਾ ਚੁੱਕੀਆਂ ਹਨ, ਜਿਨ੍ਹਾਂ 'ਚ 67 ਪੰਜਾਬੀ ਸਿੱਖ ਗੱਭਰੂ ਸ਼ਾਮਲ ਹਨ | ਇਸ ਵਰ੍ਹੇ ਉਕਤ ਬਦਲਾਖੋਰੀ ਦੀ ਅੱਗ ਹੋਰ ਤੇਜ਼ ਹੋ ਚੁੱਕੀ ਹੈ, ਜਿਸ ਨੇ ਜਨਵਰੀ ਤੋਂ ਹੁਣ ਤੱਕ 17 ਪੰਜਾਬੀ ਜਵਾਨਾਂ ਸਮੇਤ 58 ਜ਼ਿੰਦਗੀਆਂ ਝੁਲਸ ਲਈਆਂ ਹਨ | ਧੜ੍ਹੇਬਾਜ਼ੀ ਅਤੇ ਹੋਰ ਰੰਜ਼ਿਸ਼ੀ ਘਟਨਾਵਾਂ 'ਤੇ ਝਾਤੀ ਮਾਰੀਏ ਤਾਂ 23 ਜਨਵਰੀ 2017 ਨੂੰ 22 ਸਾਲਾ ਕਰਨਪ੍ਰਤਾਪ ਵੜੈਚ ਨੂੰ ਸਰੀ ਵਿਖੇ ਉਸ ਦੀ ਗੱਡੀ 'ਚ ਗੋਲੀ ਦਾ ਸ਼ਿਕਾਰ ਬਣਾ ਲਿਆ ਗਿਆ | ਇਕ ਹੋਰ ਪੰਜਾਬੀ ਸਟੀਵ ਨਾਗਰਾ ਦੇ ਕਤਲ ਮਾਮਲੇ 'ਚ ਸੁਣਵਾਈ ਅਧੀਨ 36 ਸਾਲਾ ਹਰਸ਼ਾਨ ਬੈਂਸ ਨੂੰ 26 ਜਨਵਰੀ ਵਾਲੇ ਦਿਨ ਮੌਤ ਦੇ ਘਾਟ ਉਤਾਰ ਦਿੱਤਾ ਗਿਆ | 9 ਫਰਵਰੀ 2017 ਨੂੰ ਮਨਿੰਦਰ ਵੜੈਚ (38) ਅਤੇ 20 ਫਰਵਰੀ ਨੂੰ ਸਤਕਾਰ ਸਿੱਧੂ (23) ਵਿਰੋਧੀਆਂ ਦੀ ਗੋਲੀ ਦਾ ਨਿਸ਼ਾਨਾ ਬਣ ਗਏ | 9 ਮਾਰਚ 2017 ਨੂੰ 32 ਸਾਲਾ ਨਵਦੀਪ ਸੰਘੇੜਾ ਅਤੇ 49 ਸਾਲਾ ਹਰਜੀਤ ਸਿੰਘ ਮਾਨ ਨੂੰ ਇਕੱਠਿਆਂ ਹੀ ਕਤਲ ਕਰ ਦਿੱਤਾ ਗਿਆ | 13 ਮਾਰਚ 2017 ਨੂੰ 29 ਸਾਲਾ ਬਰਿੰਦਰਜੀਤ ਭੰਗੂ ਅਤੇ 24 ਮਾਰਚ 2017 ਨੂੰ 20 ਸਾਲਾ ਜਸਕਰਨ ਲਾਲੀ ਵੀ ਗੈਂਗਵਾਰ ਦਾ ਨਿਵਾਲਾ ਬਣ ਗਏ |  26 ਮਾਰਚ 2017 ਨੂੰ ਜਸਪ੍ਰੀਤ ਧਾਲੀਵਾਲ ਦਾ ਕਤਲ ਹੋ ਗਿਆ ਅਤੇ 14 ਮਈ ਨੂੰ ਜਸਦੀਪ ਕਲੇਰ (24) ਦੀ ਸ਼ੱਕੀ ਹਮਲੇ 'ਚ ਮੌਤ ਹੋ ਗਈ | 4 ਅਗਸਤ 2017 ਨੂੰ 18 ਸਾਲਾ ਜਸਪ੍ਰੀਤ ਸਿੱਧੂ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ | 29 ਅਗਸਤ ਨੂੰ 22 ਸਾਲਾ ਪਰਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਅਤੇ ਦੋ ਦਿਨ ਬਾਅਦ 31 ਅਗਸਤ ਨੂੰ 18 ਸਾਲਾ ਸਹਿਜ਼ ਸਿੱਧੂ ਨੂੰ ਗੋਲੀ ਮਾਰ ਦਿੱਤੀ ਗਈ |27 ਅਕਤੂਬਰ  2017 ਨੂੰ 27 ਸਾਲਾ ਰਣਦੀਪ ਕੰਗ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜਦਕਿ ਉਸ ਦਾ ਭਰਾ ਗੈਰੀ ਇਸ ਹਮਲੇ 'ਚ ਜ਼ਖ਼ਮੀ ਹੋ ਗਿਆ |

ਸਥਾਨਕ ਗੈਂਗਵਾਰ ਦਾ ਸ਼ਿਕਾਰ ਬਣੇ ਲਗਪਗ ਸਾਰੇ ਪੰਜਾਬੀ ਨੌਜਵਾਨ ਕੈਨੇਡਾ ਦੇ ਜੰਮਪਲ ਸਨ ਅਤੇ ਉਨ੍ਹਾਂ 'ਚੋਂ ਬਹੁਤੇ  ਨਸ਼ਾ ਪ੍ਰਸਤੀ ਧੜ੍ਹੇਬੰਦੀ 'ਚ ਸਰਗਰਮ ਸਨ | ਉਕਤ ਪੰਜਾਬੀਆਂ ਤੋਂ ਇਲਾਵਾ ਇਸ ਹਾਲਾਤ ਦੀ ਬਲੀ ਚੜ੍ਹੇ ਲੋਕਾਂ 'ਚ ਚੀਨੇ, ਗੋਰੇ ਅਤੇ ਅਸਮਾਈਲੀ ਸ਼ਾਮਲ ਹਨ | ਗੈਂਗਵਾਰ 'ਤੇ ਰੋਕਥਾਮ 'ਚ ਪੁਲਿਸ ਦੀ ਲਾਚਾਰੀ ਦਾ ਮੁੱਖ ਕਾਰਨ ਧੜਿਆਂ ਵਲੋਂ ਆਪਣੀ ਦੁਸ਼ਮਣੀ ਆਪੇ ਨਜਿੱਠਣ ਦੀ ਹਿਰਸ ਹੈ ਅਤੇ ਬਹੁਤੀ ਵਾਰ ਹਮਲਾਵਰ 'ਤੇ ਸ਼ੱਕ ਹੋਣ ਦੇ ਬਾਵਜੂਦ ਪੁਲਿਸ ਨੂੰ ਦੱਸਿਆ ਨਹੀਂ ਜਾਂਦਾ | ਪੁਲਿਸ ਵਲੋਂ ਧੜੇਬਾਜ਼ੀ 'ਚ ਸ਼ਾਮਿਲ ਨੌਜਵਾਨਾਂ ਦੀ ਪਹਿਚਾਣ ਮਗਰੋਂ ਉਨ੍ਹਾਂ ਦੀਆਂ ਤਸਵੀਰਾਂ ਜਨਤਕ ਕੀਤੀਆਂ ਜਾਂਦੀਆਂ ਹਨ ਅਤੇ ਆਮ ਲੋਕਾਂ ਨੂੰ ਉਨ੍ਹਾਂ ਤੋਂ ਪਾਸੇ ਰਹਿਣ ਦੀ ਹਦਾਇਤ ਕੀਤੀ ਜਾਂਦੀ ਹੈ | ਵਧੇਰੇ ਲੋਕ ਇਸ ਮਾਮਲੇ 'ਚ ਪੰਜਾਬੀਆਂ ਦਾ ਨਾਂਅ ਪ੍ਰਮੁੱਖਤਾ ਨਾਲ ਆਉਣ ਕਰ ਕੇ ਭਾਈਚਾਰੇ ਲਈ ਨਮੋਸ਼ੀ ਮਹਿਸੂਸ ਕਰਦਿਆਂ ਸਰਕਾਰ ਤੋਂ ਨਸ਼ਾ ਪ੍ਰਸਤੀ ਬਾਰੇ ਕਿਸੇ ਸਖ਼ਤ ਕਾਨੂੰਨ ਦੀ ਆਸ 'ਚ ਹਨ |