ਨਵੀਂ ਦਿੱਲੀ- ਸਿੱਖ ਵਪਾਰੀ ਰੁਬੇਨ ਸਿੰਘ ਨੇ ਮਿਹਨਤ ਕਰ ਕੇ ਦੁਨੀਆ ਦਾ ਹਰ ਪੜਾਅ ਹਾਸਲ ਕੀਤਾ ਹੈ। ਅੱਜ ਕੱਲ੍ਹ ਉਹ ਸੋਸ਼ਲ ਮੀਡੀਆ ‘ਤੇ ਇਸ ਲਈ ਛਾਏ ਹੋਏ ਹਨ ਕਿ ਉਨ੍ਹਾਂ ਨੇ ਇੱਕ, ਦੋ ਨਹੀਂ ਸਗੋਂ ਸੱਤ ਵੱਖਰੇ-ਵੱਖਰੇ ਰੰਗ ਦੀਆਂ ਰੌਲਸ ਰਾਇਸ ਲਗਜ਼ਰੀ ਕਾਰਾਂ ਖਰੀਦੀਆਂ ਹਨ।
ਇਹ ਕਾਰਾਂ ਰੁਬੇਨ ਸਿੰਘ ਨੇ ਕਿਉਂ ਖਰੀਦੀਆਂ? ਇਸ ਦੇ ਪਿੱਛੇ ਇੱਕ ਦਿਲਚਸਪ ਕਾਰਨ ਹੈ। ਇਹ ਸਾਰੀਆਂ ਕਾਰਾਂ ਉਨ੍ਹਾਂ ਨੇ ਸ਼ੌਕ ਲਈ ਨਹੀਂ, ਇੱਕ ਬ੍ਰਿਟਿਸ਼ ਨੂੰ ਸਬਕ ਸਿਖਾਉਣ ਲਈ ਖਰੀਦੀਆਂ ਹਨ।
ਨੱਬੇ ਦੇ ਦਹਾਕੇ ਵਿੱਚ ਰੁਬੇਨ ਸਿੰਘ ਦਾ ਇੰਗਲੈਂਡ ਵਿੱਚ ਕੱਪੜਿਆਂ ਦਾ ਕਾਰੋਬਾਰ ਸੀ, ਜਿਸ ਨੂੰ ਉਨ੍ਹਾਂ ਨੇ ਸਿਰਫ 17 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ ਸੀ।
ਉਸ ਦੌਰ ਵਿੱਚ ਉਨ੍ਹਾਂ ਦਾ ਬ੍ਰਾਂਡ ਬ੍ਰਿਟੇਨ ਦੇ ਸਭ ਤੋਂ ਮਸ਼ਹੂਰ ਬ੍ਰਾਂਡਸ ਵਿੱਚੋਂ ਇੱਕ ਸੀ। ਸਭ ਕੁਝ ਠੀਕ ਚੱਲ ਰਿਹਾ ਸੀ ਕਿ 2007 ਵਿੱਚ ਉਨ੍ਹਾਂ ਨੂੰ ਵੱਡਾ ਘਾਟਾ ਪਿਆ, ਜਿਸ ਕਾਰਨ ਉਨ੍ਹਾਂ ਨੂੰ ਆਪਣਾ ਕੱਪੜਿਆਂ ਦਾ ਕਾਰੋਬਾਰ ਨਾ ਚਾਹੁੰਦੇ ਹੋਏ ਵੀ ਬੰਦ ਕਰਨਾ ਪਿਆ। ਇਸੇ ਦੌਰ ਵਿੱਚ ਉਨ੍ਹਾਂ ਦੀ ਪੱਗ ਦਾ ਮਜ਼ਾਕ ਇੱਕ ਬ੍ਰਿਟਿਸ਼ ਬਿਜ਼ਨਸਮੈਨ ਨੇ ਉਡਾਇਆ।
ਉਸ ਨੇ ਕਿਹਾ ਕਿ ਤੁਸੀਂ ਸਿਰਫ ਰੰਗ ਬਿਰੰਗੀਆਂ ਪੱਗਾਂ ਬੰਨ੍ਹਣ ਜੋਗੇ ਹੋ। ਇਹ ਗੱਲ ਰੁਬੇਨ ਨੂੰ ਚੁੱਭ ਗਈ ਅਤੇ ਉਨ੍ਹਾਂ ਨੇ ਆਪਣੇ ਕਾਰੋਬਾਰ ਨੂੰ ਫਿਰ ਤੋਂ ਖੜ੍ਹਾ ਕਰਨ ਦਾ ਮਨ ਬਣਾ ਲਿਆ।
ਇਥੇ ਹੀ ਨਹੀਂ, ਉਨ੍ਹਾਂ ਨੇ ਬ੍ਰਿਟਿਸ਼ ਬਿਜ਼ਨਸਮੈਨ ਨੂੰ ਇਹ ਚੈਲੇਂਜ ਕੀਤਾ ਕਿ ਮੈਂ ਜਿੰਨੇ ਰੰਗ ਦੀਆਂ ਪੱਗਾਂ ਬੰਨ੍ਹਦਾ ਹਾਂ ਓਨੇ ਹੀ ਰੰਗ ਦੀਆਂ ਰੌਲਸ ਰਾਇਸ ਖਰੀਦਾਂਗਾ।
ਆਖਰ ਰੁਬੇਨ ਸਿੰਘ ਨੇ ਆਪਣੇ ਕਾਰੋਬਾਰ ਨੂੰ ਫਿਰ ਖੜ੍ਹਾ ਕੀਤਾ ਅਤੇ ਇੱਕ ਨਹੀਂ ਸਗੋਂ ਸੱਤ ਰੋਲਸ ਰਾਇ ਕਾਰਾਂ ਖਰੀਦੀਆਂ, ਜੋ ਉਨ੍ਹਾਂ ਦੀਆਂ ਪੱਗਾਂ ਦੇ ਰੰਗ ਨਾਲ ਮੇਲ ਖਾਂਦੀਆਂ ਹਨ। ਅੱਜ ਰੁਬੇਨ ਸਿੰਘ ਆਲਡੇਪਾ ਕੰਪਨੀ ਦੇ ਸੀ ਈ ਓ ਹਨ। ਉਨ੍ਹਾਂ ਦਾ ਕਾਰੋਬਾਰ ਕਈ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ। ਉਨ੍ਹਾਂ ਨੂੰ ਬ੍ਰਿਟਿਸ਼ ਬਿਲਗੇਟਸ ਦੇ ਨਾਂਅ ਵੀ ਜਾਣਿਆ ਜਾਂਦਾ ਹੈ।