ਸਿਓਲ : ਸ਼ੁੱਕਰਵਾਰ ਸਵੇਰੇ ਦੱਖਣੀ ਕੋਰੀਆ ਦੇ ਇੱਕ ਹਸਪਤਾਲ ਵਿੱਚ ਅੱਗ ਲੱਗ ਜਾਣ ਕਾਰਨ 39 ਲੋਕਾਂ ਦੀ ਮੌਤ ਹੋ ਗਈ ਜਦਕਿ 100 ਹੋਰ ਜ਼ਖ਼ਮੀ ਹੋ ਗਏ। ਬਹੁਤਾ ਕਰਕੇ ਸਾਹ ਘੁੱਟਣ ਕਾਰਨ ਅਜਿਹਾ ਹੋਇਆ।ਮਰਨ ਵਾਲਿਆਂ ਵਿੱਚ ਹਸਪਤਾਲ ਦੇ ਤਿੰਨ ਅਮਲਾ ਮੈਂਬਰ ਵੀ ਸ਼ਾਮਲ ਸਨ ਤੇ ਕਈ ਹੋਰ ਲੋਕ, ਜਿਨ੍ਹਾਂ ਨੂੰ ਸਾਹ ਦੀ ਤਕਲੀਫ ਹੋਣ ਕਾਰਨ ਇੰਟੈਂਸਿਵ ਕੇਅਰ ਯੂਨਿਟ ਵਿੱਚ ਭਰਤੀ ਕਰਵਾਇਆ ਗਿਆ ਸੀ, ਉਨ੍ਹਾਂ ਵਿੱਚੋਂ ਵੀ ਕਈਆਂ ਦੀ ਮੌਤ ਹੋ ਗਈ।
ਅੱਗ ਸੀਜੌਂਗ ਹਸਪਤਾਲ ਦੇ ਐਮਰਜੰਸੀ ਰੂਮ ਤੋਂ ਸ਼ੁਰੂ ਹੋਈ ਤੇ ਜਿੰਨੇ ਚਿਰ ਨੂੰ ਫਾਇਰਫਾਈਟਰਜ਼ ਪਹੁੰਚੇ ਤਾਂ ਅੱਗ ਪਹਿਲੀ ਮੰਜਿ਼ਲ ਉੱਤੇ ਫੈਲ ਚੁੱਕੀ ਸੀ।ਮਿਰਯਾਂਗ ਸਿਟੀ ਦੇ ਦੱਖਣਪੂਰਬ ਤੋਂ ਫਾਇਰ ਅਧਿਕਾਰੀ ਚੋਈ ਮੈਨ ਵੂ ਨੇ ਆਖਿਆ ਕਿ ਦੂਜੀ ਮੰਜਿ਼ਲ ਉੱਤੇ ਫਸੇ ਲੋਕਾਂ ਨੂੰ ਬਚਾਉਣ ਲਈ ਉਨ੍ਹਾਂ ਨੂੰ ਖਿੜਕੀਆਂ ਰਾਹੀਂ ਅੰਦਰ ਦਾਖਲ ਹੋਣਾ ਪਿਆ।
ਉਨ੍ਹਾਂ ਆਖਿਆ ਕਿ ਧੂੰਆਂ ਇਮਾਰਤ ਦੀਆਂ ਪੌੜੀਆਂ ਵਿੱਚੋਂ ਤੇਜ਼ੀ ਨਾਲ ਵੀ ਫੈਲ ਸਕਦਾ ਸੀ ਪਰ ਤੀਜੀ ਮੰਜਿ਼ਲ ਉੱਤੇ ਪਹੁੰਚਣ ਤੋਂ ਪਹਿਲਾਂ ਹੀ ਅੱਗ ਦੀਆਂ ਲਪਟਾਂ ਉੱਤੇ ਕਾਬੂ ਪਾ ਲਿਆ ਗਿਆ।ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਅੱਗ ਲੱਗਣ ਤੋਂ ਬਾਅਦ ਹਸਪਤਾਲ ਦੇ ਕੰਮਕਾਜ ਨੂੰ ਮੁਲਤਵੀ ਕਰ ਦਿੱਤਾ ਗਿਆ।
ਮਰਨ ਵਾਲਿਆਂ ਵਿੱਚੋਂ ਬਹੁਤੇ ਹਸਪਤਾਲ ਦੇ ਜਨਰਲ ਵਾਰਡ ਤੋਂ ਸਨ। ਕਈ ਬਜ਼ੁਰਗਾਂ ਤੇ ਹੋਰ ਮਰੀਜ਼ਾਂ ਨੂੰ ਤਾਂ ਫਾਇਰਫਾਈਟਰਜ਼ ਦੀਆਂ ਪਿੱਠਾਂ ਉੱਤੇ ਬਾਹਰ ਸੁਰੱਖਿਅਤ ਢੰਗ ਨਾਲ ਕੱਢਿਆ ਗਿਆ।ਜ਼ਖ਼ਮੀਆਂ ਵਿੱਚੋਂ ਦਸ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਮਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਣ ਦਾ ਖਦਸ਼ਾ ਵੀ ਪ੍ਰਗਟਾਇਆ ਗਿਆ ਹੈ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ 131 ਵਿਅਕਤੀ ਜ਼ਖ਼ਮੀ ਹਨ ਤੇ ਇਨ੍ਹਾਂ ਵਿੱਚੋਂ 18 ਦੀ ਹਾਲਤ ਨਾਜ਼ੁਕ ਹੈ।