ਬਠਿੰਡਾ: ਦੇਸ਼ ਭਰ ‘ਚ ਅੱਜ ਕ੍ਰਿਸਮਸ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਅਜਿਹੇ ‘ਚ ਸੂਬੇ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਦੇਸ਼ ਵਾਸੀਆਂ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ। ਇਸ ਦੇ ਨਾਲ ਹੀ ਮਨਪ੍ਰੀਤ ਬਾਦਲ ਨੇ ਬੀਤੇ ਦਿਨੀਂ 'ਆਪ' ਦੇ ਸਾਂਸਦ ਤੇ ਸੂਬਾ ਪ੍ਰਧਾਨ ਭਗਵੰਤ ਮਾਨ ਵੱਲੋਂ ਪੱਤਰਕਾਰ ਨਾਲ ਕੀਤੀ ਬਦਸਲੂਕੀ ‘ਤੇ ਕਿਹਾ ਕਿ ਮੈਨੂੰ ਇਸ ਬਾਰੇ ਪਤਾ ਤਾਂ ਨਹੀਂ ਪਰ ਕਿਸੇ ਵੀ ਇਨਸਾਨ ਨੂੰ ਸਾਦਗੀ ਕਦੇ ਨਹੀਂ ਛੱਡਣੀ ਚਾਹੀਦੀ।


ਇਸੇ ਮੌਕੇ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਜ਼ਿਲ੍ਹਾ ਪੱਧਰੀ ਧਰਨਿਆਂ ‘ਤੇ ਕਿਹਾ ਕਿ ਸਿਆਸਤ ‘ਚ ਕਾਮਯਾਬੀ ਧਰਨੇ ਦੇਣ ਨਾਲ ਨਹੀਂ ਸਗੋਂ ਕੁਝ ਕਰਨ ਨਾਲ ਮਿਲਦੀ ਹੈ। ਉਨ੍ਹਾਂ ਨੇ ਅਕਾਲੀ ਦਲ ਦੇ ਧਰਨਿਆਂ ਨੂੰ ਬੇਮਾਇਨੇ ਕਰਾਰ ਦਿੱਤਾ। ਖ਼ਜ਼ਾਨਾ ਮੰਤਰੀ ਨੇ ਨਵੇਂ ਸਾਲ ਮੌਕੇ ਵਧ ਰਹੀਆਂ ਬਿਜਲੀ ਦਰਾਂ ‘ਤੇ ਵੀ ਸਪਸ਼ਟੀਕਰਨ ਦਿੱਤਾ।

ਇਸ ਬਾਰੇ ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਦਰ ਵਧਾਉਣੀ ਜਾਂ ਘਟਾਉਣੀ ਰੈਗੂਲਰ ਅਥਾਰਟੀ ਸਟੇਟ ਤੈਅ ਕਰਦੀ ਹੈ। ਰੈਗੂਲਰ ਅਥਾਰਿਟੀ ਤੇ ਖਪਤਕਾਰ ਦੋਨਾਂ 'ਚ ਬੈਠ ਕੇ ਉਨ੍ਹਾਂ ਨੇ ਇਹ ਕੰਮ ਕਰਨਾ ਹੈ। ਛੇ ਮਹੀਨੇ ਪਹਿਲੇ ਇੱਕ ਝਗੜੇ ਦੀ ਹਾਰ ਦੇ ਬਦਲੇ ਇਨ੍ਹਾਂ ਨੂੰ ਤਕਰੀਬਨ 1400 ਕਰੋੜ ਰੁਪਏ ਦਾ ਹਰਜਾਨਾ ਭੁਗਤਣਾ ਪਿਆ ਸੀ। ਹੁਣ ਜੋ ਖ਼ਮਿਆਜ਼ਾ ਹੈ, ਉਹ ਰੈਗੂਲੇਟਰ ਨੇ ਰਜਿਸਟਰ ਕਰਨਾ ਹੈ।

ਇਸ ਦੇ ਨਾਲ ਹੀ ਇੱਥੇ ਮਨਪ੍ਰੀਤ  ਬਾਦਲ ਨੂੰ ਪੰਜਾਬ ਦੀਆਂ ਜੇਲ੍ਹਾਂ 'ਚ ਆਏ ਦਿਨ ਮੋਬਾਈਲ ਫੋਨ ਬਰਾਮਦ ਹੋਣ 'ਤੇ ਸਵਾਲ ਕੀਤਾ ਗਿਆ, ਜਿਸ ਤੋਂ ਉਹ ਭੱਜਦੇ ਹੋਏ ਨਜ਼ਰ ਆਏ।