Sangrur News : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਆਪਣੇ ਆਪ ਨੂੰ ਬਹੁਤ ਸਿਆਣਾ ਅਤੇ ਤਜਰਬੇਕਾਰ ਸਮਝਣ ਵਾਲੇ ਲੀਡਰਾਂ ਦੀ ਪੰਜਾਬ ਨੂੰ ਕੋਈ ਲੋੜ ਨਹੀਂ ਹੈ ਕਿਉਂਕਿ ਇਨ੍ਹਾਂ ਨੇਤਾਵਾਂ ਨੇ ਹੀ ਸੱਤਾ ਵਿਚ ਹੁੰਦਿਆਂ ਸੂਬੇ ਦੀ ਅੰਨ੍ਹੀ ਲੁੱਟ ਕੀਤੀ ਸੀ। ਅੱਜ ਇੱਥੇ 76 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਆਪਣੀ ਤਕਰੀਰ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਿਆਸੀ ਆਗੂਆਂ ਨੂੰ ਪੰਜਾਬ ਤੇ ਪੰਜਾਬੀਆਂ ਨਾਲ ਕੋਈ ਸਰੋਕਾਰ ਨਹੀਂ ਹੈ ਜਿਸ ਕਰਕੇ ਇਨ੍ਹਾਂ ਨੇ ਹਮੇਸ਼ਾ ਹੀ ਸੂਬੇ ਨੂੰ ਦਰਕਿਨਾਰ ਕਰਕੇ ਰੱਖਿਆ। 


 

ਭਗਵੰਤ ਸਿੰਘ ਮਾਨ ਨੇ ਕਿਹਾ, “ਮੈਂ ਤਾਂ ਇਨ੍ਹਾਂ ਸਿਆਸਤਦਾਨਾਂ ਦੇ ਘਟੀਆ ਕਾਰਨਾਮਿਆਂ ਦੀ ਫਾਈਲਾਂ ਵੇਖ ਕੇ ਹੱਕਾ-ਬੱਕਾ ਰਹਿ ਗਿਆ। ਅਸਲ ਵਿਚ ਇਹ ਫਾਈਲਾਂ ਪੰਜਾਬੀਆਂ ਦੇ ਲਹੂ ਨਾਲ ਭਿੱਜੀਆਂ ਹੋਈਆਂ ਹਨ। ਇਨ੍ਹਾਂ ਨੇਤਾਵਾਂ ਨੂੰ ਕੀਤੇ ਗਏ ਗੁਨਾਹਾਂ ਲਈ ਜੁਆਬਦੇਹ ਬਣਾਵਾਂਗਾ ਅਤੇ ਲੋਕ ਦੀ ਕੀਤੀ ਗਈ ਲੁੱਟ ਦਾ ਇਕ-ਇਕ ਪੈਸਾ ਵਸੂਲ ਕਰਕੇ ਰਹਾਂਗਾ।

ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਉਤੇ ਤਿੱਖਾ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਭਾਜਪਾ ਨੇਤਾ ਨੇ ਸੱਤਾ ਵਿਚ ਹੁੰਦਿਆਂ ਇਕ ਪਾਸੇ ਤਾਂ ਸੂਬੇ ਵਿੱਚ ਈ-ਸਟੈਂਪ ਵਿਵਸਥਾ ਲਾਗੂ ਕਰ ਦਿੱਤੀ ਅਤੇ ਦੂਜੇ ਪਾਸੇ 1266 ਕਰੋੜ ਰੁਪਏ ਦੇ ਸਟੈਂਪ ਪੇਪਰ ਛਾਪਣ ਦੇ ਹੁਕਮ ਦੇ ਦਿੱਤੇ ਜਿਸ ਉਪਰ 57 ਕਰੋੜ ਰੁਪਏ ਦੀ ਲਾਗਤ ਆਉਣੀ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਤਜਰਬੇਕਾਰ ਸਾਬਕਾ ਵਿੱਤ ਮੰਤਰੀ ਦੇ ਗਲਤ ਫੈਸਲੇ ਨਾਲ ਸਰਕਾਰੀ ਖਜ਼ਾਨੇ ਨੂੰ ਲਗਭਗ 60 ਕਰੋੜ ਰੁਪਏ ਦਾ ਘਾਟਾ ਪਾਇਆ।

ਖ ਮੰਤਰੀ ਨੇ ਅੱਗੇ ਕਿਹਾ ਕਿ ਇਕ ਪਾਸੇ ਤਾਂ ਉਨ੍ਹਾਂ ਦੀ ਸਰਕਾਰ ਨੇ ਹੁਣ ਤੱਕ 31000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਅਤੇ 12710 ਕੱਚੇ ਅਧਿਆਪਕਾਂ ਨੂੰ ਪੱਕੇ ਕੀਤਾ ਜਦਕਿ ਦੂਜੇ ਪਾਸੇ ਸਾਬਕਾ ਵਿੱਤ ਮੰਤਰੀ ਸੂਬੇ ਦੇ ਵਿਕਾਸ ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਰਾਹ ਵਿਚ ਰੋੜਾ ਬਣੇ ਰਹੇ। ਉਨ੍ਹਾਂ ਕਿਹਾ ਕਿ ਇਹ ਭਾਜਪਾ ਨੇਤਾ 9 ਸਾਲ ਸੂਬੇ ਦੇ ਖਜ਼ਾਨਾ ਮੰਤਰੀ ਰਹੇ ਅਤੇ ਹਰ ਵੇਲੇ ਖਜ਼ਾਨਾ ਖਾਲੀ ਦਾ ਰਾਗ ਅਲਾਪਦੇ ਰਹਿੰਦੇ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਬਕਾ ਵਿੱਤ ਮੰਤਰੀ ਨਾਂਹ-ਪੱਖੀ ਸੋਚ ਦੇ ਸ਼ਿਕਾਰ ਹਨ ਜਿਸ ਕਰਕੇ ਵਿਕਾਸ ਦੇ ਪੱਖੋਂ ਸੂਬਾ ਪੱਛੜ ਗਿਆ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਦੇ ਲੋਕਾਂ ਨੇ ਮਹਿਲਾਂ ਜਾਂ ਬੰਗਲਿਆਂ ਵਿਚ ਰਹਿਣ ਵਾਲੇ ਨੇਤਾਵਾਂ ਨੂੰ ਸਿਆਸੀ ਪਿੜ ਤੋਂ ਬਾਹਰ ਕਰ ਦਿੱਤਾ ਜੋ ‘ਕਾਕਾ ਜੀ’ ਤੇ ‘ਬੀਬਾ ਜੀ’ ਕਰਕੇ ਜਾਣੇ ਜਾਂਦੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਮੌਕਾਪ੍ਰਸਤ ਲੀਡਰ ਕਦੇ ਵੀ ਲੋਕਾਂ ਦੇ ਹੱਕ ਵਿੱਚ ਨਹੀਂ ਖੜ੍ਹੇ ਸਗੋਂ ਇਹ ਲੀਡਰ ਇਨ੍ਹਾਂ ਦੇ ਨਿੱਜੀ ਹਿੱਤ ਪੂਰਨ ਵਾਲਿਆਂ ਦੇ ਹੱਕ ਵਿਚ ਖੜ੍ਹਦੇ ਰਹੇ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇਤਾਵਾਂ ਨੇ ਪੰਜਾਬ ਤੇ ਪੰਜਾਬੀਆਂ ਨਾਲੋਂ ਆਪਣੇ ਨਿੱਜੀ ਮੁਫਾਦਾਂ ਨੂੰ ਤਰਜੀਹ ਦਿੱਤੀ।


ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਹੈਂਕੜਬਾਜ਼ ਵਿਰੋਧੀ ਧਿਰ ਨੂੰ ਰੱਦ ਕਰਕੇ ਬਾਹਰ ਦਾ ਰਸਤਾ ਵਿਖਾਇਆ। ਉਨ੍ਹਾਂ ਕਿਹਾ ਕਿ ਹਾਰ ਕਾਰਨ ਨਿਰਾਸ਼ਾ ਵਿੱਚ ਡੁੱਬੇ ਨੇਤਾ ਸੂਬਾ ਸਰਕਾਰ ਖਿਲਾਫ਼ ਨਿਰਆਧਾਰ ਬਿਆਨਬਾਜ਼ੀ ਕਰ ਰਹੇ ਹਨ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਇਨ੍ਹਾਂ ਨੇਤਾਵਾਂ ਨੂੰ ਆਉਣ ਵਾਲੇ ਸਮੇਂ ਵਿਚ ਵੀ ਲੋਕ ਸਬਕ ਸਿਖਾਉਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਸੂਬੇ ਦੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂੰ ਹਨ ਕਿਉਂਕਿ ਉਹ ਲੋਕਾਂ ਦੀ ਸਾਰ ਲੈਣ ਲਈ ਅਕਸਰ ਸੂਬੇ ਦਾ ਦੌਰਾ ਕਰਦੇ ਹਨ। ਉਨ੍ਹਾਂ ਕਿਹਾ, “ਜਿੰਨੇ ਦੌਰੇ ਮੈਂ ਡੇਢ ਸਾਲ ਵਿਚ ਪੰਜਾਬ ਦੇ ਕੀਤੇ ਹਨ, ਓਨੇ ਦੌਰੇ ਉਨ੍ਹਾਂ ਤੋਂ ਪਹਿਲੇ ਮੁੱਖ ਮੰਤਰੀਆਂ ਨੇ ਪਿਛਲ਼ੇ 15 ਸਾਲਾਂ ਵਿਚ ਨਹੀਂ ਕੀਤੇ।” ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਲੋਕ ਪੰਜਾਬ ਦੀ ਕੋਈ ਪ੍ਰਵਾਹ ਨਹੀਂ ਕਰਦੇ ਜਦਕਿ ਉਨ੍ਹਾਂ ਨੇ ਲੋਕਾਂ ਦੀ ਭਲਾਈ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੋਇਆ ਹੈ।